ਭਾਰਤ – ਦਿੱਲੀ ‘ਚ 71 ਸਾਲਾਂ ‘ਚ ਸਭ ਤੋਂ ਠੰਢਾ ਰਿਹਾ ਨਵੰਬਰ ਮਹੀਨਾ

by vikramsehajpal

ਵੈੱਬ ਡੈਸਕ (ਐਨ.ਆਰ.ਆਈ. ਮੀਡਿਆ) : ਨਵੰਬਰ ਮਹੀਨੇ 'ਚ ਹੀ ਠੰਢ ਨੇ ਦਿੱਲੀ ਸਮੇਤ ਪੂਰੇ ਉੱਤਰ ਭਾਰਤ 'ਚ ਆਪਣੇ ਪੂਰੇ ਰੰਗ 'ਚ ਰਹੀ। ਸੀਤ ਲਹਿਰ ਕਾਰਨ ਘੱਟੋ ਘੱਟ ਤਾਪਮਾਨ ਸੱਤ ਡਿਗਰੀ ਤੋਂ ਹੇਠਾਂ ਆ ਗਿਆ। ਦਿੱਲੀ 'ਚ 71 ਸਾਲਾਂ 'ਚ ਇਸ ਵਾਰੀ ਨਵੰਬਰ ਸਭ ਤੋਂ ਜ਼ਿਆਦਾ ਠੰਢਾ ਰਿਹਾ ਹੈ। ਪਹਿਲਾਂ 1949 'ਚ ਏਨੀ ਠੰਢ ਪਈ ਸੀ। ਮੌਸਮ ਵਿਭਾਗ ਮੁਤਾਬਕ, ਇਸ ਵਾਰੀ ਨਵੰਬਰ 'ਚ ਔਸਤ ਘੱਟੋ ਘੱਟ ਤਾਪਮਾਨ 10.2 ਡਿਗਰੀ ਸੈਲਸੀਅਸ ਰਿਹਾ।

ਚਾਰ ਦਿਨ 3, 20, 23 ਤੇ 24 ਨਵੰਬਰ ਅਜਿਹੇ ਸਨ ਜਦੋਂ ਸੀਤ ਲਹਿਰ ਚੱਲੀ। ਇਸ ਨਾਲ 23 ਨਵੰਬਰ ਨੂੰ ਘੱਟੋ ਘੱਟ ਤਾਪਮਾਨ 6.3 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਸੀ। ਇਸ ਤੋਂ ਪਹਿਲਾਂ 2003 'ਚ ਘੱਟੋ ਘੱਟ ਤਾਪਮਾਨ ਨਵੰਬਰ 'ਚ 6.1 ਡਿਗਰੀ ਸੈਲਸੀਅਸ ਰਿਹਾ ਸੀ। ਘੱਟੋ ਘੱਟ ਤਾਪਮਾਨ ਦੇ ਲਿਹਾਜ਼ ਨਾਲ 17 ਸਾਲਾਂ ਦਾ ਇਸ ਵਾਰੀ ਰਿਕਾਰਡ ਟੁੱਟਾ ਹੈ, ਪਰ ਜੇਕਰ ਨਵੰਬਰ ਦੇ ਅੌਸਤ ਘੱਟੋ ਘੱਟ ਤਾਪਮਾਨ ਦੀ ਗੱਲ ਕਰੀਏ ਤਾਂ ਇਸ ਵਾਰੀ ਇਹ ਪਿਛਲੇ ਸੱਤ ਦਹਾਕਿਆਂ 'ਚ ਸਭ ਤੋਂ ਘੱਟ ਰਿਹਾ। ਸਾਲ 1949 'ਚ ਵੀ ਔਸਤਨ ਘੱਟੋ ਘੱਟ ਤਾਪਮਾਨ 10.2 ਡਿਗਰੀ ਸੈਲਸੀਅਸ ਸੀ।

ਇਸਦੇ ਬਾਅਦ ਤੋਂ ਇਹ ਰਿਕਾਰਡ ਨਹੀਂ ਟੁੱਟਿਆ। ਦਿੱਲੀ 'ਚ ਨਵੰਬਰ 'ਚ ਸਭ ਤੋਂ ਜ਼ਿਆਦਾ ਠੰਢ ਸਾਲ 1930 'ਚ ਪਈ ਸੀ। ਤਦੋਂ ਔਸਤ ਘੱਟੋ ਘੱਟ ਤਾਪਮਾਨ 8.9 ਡਿਗਰੀ ਸੈਲਸੀਅਸ ਰਿਹਾ ਸੀ। ਸਾਧਾਰਨ ਤੌਰ 'ਤੇ ਨਵੰਬਰ 'ਚ ਆਮ ਤੌਰ ਘੱਟੋ ਘੱਟ ਤਾਪਮਾਨ 12.9 ਡਿਗਰੀ ਸੈਲਸੀਅਸ ਰਹਿੰਦਾ ਹੈ। ਇਸ ਵਾਰੀ ਔਸਤ ਤੋਂ 2.7 ਡਿਗਰੀ ਸੈਲਸੀਅਸ ਘੱਟ ਰਿਹਾ ਹੈ।