ਨੌਜਵਾਨ ਦੀ ਤਲਾਸ਼ੀ ਲੈਣ ਮੌਕੇ ਗੋਲੀ ਚਲਾਉਣ ਵਾਲਾ ਚੌਕੀ ਇੰਚਾਰਜ ਮੁਅੱਤਲ

by jaskamal

ਨਿਊਜ਼ ਡੈਸਕ: ਇਥੋਂ ਦੀ ਹੈਬਤਪੁਰ ਰੋਡ ’ਤੇ ਨੌਜਵਾਨ ਦੀ ਤਲਾਸ਼ੀ ਲੈਣ ਦੌਰਾਨ ਹੋਈ ਤਕਰਾਰ ਵੇਲੇ ਗੋਲੀ ਚਲਾਉਣ ਦੇ ਮਾਮਲੇ 'ਚ ਜ਼ਿਲ੍ਹਾ ਪੁਲੀਸ ਮੁਖੀ ਵਿਵੇਕਸ਼ੀਲ ਸੋਨੀ ਵੱਲੋਂ ਮੁਬਾਰਕਪੁਰ ਚੌਕੀ ਇੰਚਾਰਜ ਏਐੱਆਈ ਬਲਵਿੰਦਰ ਸਿੰਘ ਨੂੰ ਮੁਅੱਤਲ ਕਰਕੇ ਪੁਲੀਸ ਲਾਈਨ ਭੇਜ ਦਿੱਤਾ ਹੈ। ਡੀਐੱਸਪੀ ਡੇਰਾਬੱਸੀ ਗੁਰਬਖ਼ਸ਼ੀਸ਼ ਸਿੰਘ ਨੇ ਦੱਸਿਆ ਕਿ ਜ਼ਿਲ੍ਹਾ ਪੁਲੀਸ ਮੁਖੀ ਵੱਲੋਂ ਜਾਂਚ ਲਈ ਤਿੰਨ ਮੈਂਬਰੀ ਟੀਮ ਕਾਇਮ ਕਰ ਦਿੱਤੀ ਹੈ, ਜੋ 30 ਜੂਨ ਤੱਕ ਆਪਣੀ ਰਿਪੋਰਟ ਦੇਵੇਗੀ। ਇਸ ਸਿਟ ਦੀ ਅਗਵਾਈ ਜ਼ਿਲ੍ਹਾ ਮੁਹਾਲੀ ਦੇ ਐੱਸਪੀ ਹੈਡਕੁਆਰਟਰ ਕਰਨਗੇ। ਟੀਮ 'ਚ ਡੀਐੱਸਪੀ ਡੇਰਾਬੱਸੀ ਤੇ ਡੀਐੱਸਪੀ ਮੁਲਾਂਪੁਰ ਸ਼ਾਮਲ ਹਨ। ਇਸ ਦੌਰਾਨ ਐੱਸਐੱਸਪੀ ਵਿਵੇਕਸ਼ੀਲ ਸੋਨੀ ਨੇ ਮੁਬਾਰਕਪੁਰ ਪੁਲੀਸ ਚੌਕੀ ਦੇ ਇੰਚਾਰਜ ਏਐੱਸਆਈ ਬਲਵਿੰਦਰ ਸਿੰਘ ਖ਼ਿਲਾਫ਼ ਐੱਫਆਈਆਰ ਦਰਜ ਕਰਨ ਦੇ ਹੁਕਮ ਦਿੱਤੇ ਹਨ। ਐੱਸਐੱਸਪੀ ਨੇ ਮੌਕੇ 'ਤੇ ਮੌਜੂਦ ਤਿੰਨ ਹੋਰ ਪੁਲੀਸ ਮੁਲਾਜ਼ਮਾਂ ਨੂੰ ਸਜ਼ਾ ਦੇਣ ਲਈ ਵਿਭਾਗੀ ਕਾਰਵਾਈ ਵੀ ਸ਼ੁਰੂ ਕਰ ਦਿੱਤੀ ਹੈ। ਥਾਣਾ ਡੇਰਾਬੱਸੀ ਵਿਖੇ ਆਈਪੀਸੀ ਦੀਆਂ ਧਾਰਾਵਾਂ 324, 354, 336 ਤੇ 509 ਤਹਿਤ ਐਫਆਈਆਰ ਦਰਜ ਕੀਤੀ ਗਈ ਹੈ। ਲੰਘੇ ਦਿਨੀਂ ਚੌਕੀ ਇੰਚਾਰਜ ਬਲਵਿੰਦਰ ਸਿੰਘ ਸਰਕਾਰੀ ਗੱਡੀ ’ਚ ਗਸ਼ਤ ਕਰ ਰਹੇ ਸੀ, ਜਿਸ ਦੌਰਾਨ ਹੈਬਤਪੁਰ ਰੋਡ ’ਤੇ ਗੁਲਮੋਹਰ ਸਿਟੀ ਕੋਲ ਬੈਗ ਲਈ ਕੁੜੀ-ਮੁੰਡਾ ਖੜੇ ਸੀ। ਇੰਚਾਰਜ ਨੇ ਉਨ੍ਹਾਂ ਨੂੰ ਤਲਾਸ਼ੀ ਲੈਣ ਦੀ ਗੱਲ ਆਖੀ ਤਾਂ ਤਕਰਾਰ ਹੋ ਗਈ। ਵਿਵਾਦ ਐਨਾ ਵਧ ਗਿਆ ਕਿ ਨੌਜਵਾਨ ਨੇੜੇ ਸੁਸਾਇਟੀ ਤੋਂ ਨਾਲ ਖੜੀ ਕੁੜੀ ਦੇ ਭਰਾ ਨੂੰ ਲੈ ਕੇ ਆ ਗਿਆ, ਜਿਨ੍ਹਾਂ ਵੱਲੋਂ ਆਉਂਦੇ ਹੀ ਚੌਕੀ ਇੰਚਾਰਜ ’ਤੇ ਕਥਿਤ ਤੌਰ ’ਤੇ ਹਮਲਾ ਕਰ ਦਿੱਤਾ। ਇਸ ਦੌਰਾਨ ਇੰਚਾਰਜ ਨੇ ਗੋਲੀ ਚਲਾ ਦਿੱਤੀ, ਜੋ ਉਥੇ ਖੜੀ ਕੁੜੀ ਦੇ ਭਰਾ ਦੇ ਖੱਬੇ ਪੱਟ ’ਤੇ ਲੱਗੀ।