ਪਾਕਿਸਤਾਨ ਸਰਕਾਰ ਭਾਰਤ ਨਾਲ ਸਬੰਧ ਤੋੜੇ : Imran Khan

by jaskamal

ਨਿਊਜ਼ ਡੈਸਕ : ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਭਾਜਪਾ ਦੇ ਮੁਅੱਤਲ ਆਗੂਆਂ ਨੂਪੁਰ ਸ਼ਰਮਾ ਤੇ ਨਵੀਨ ਜਿੰਦਲ ਵੱਲੋਂ ਪੈਗੰਬਰ ਮੁਹੰਮਦ ਖ਼ਿਲਾਫ਼ ਹਾਲ ਹੀ ਵਿੱਚ ਕੀਤੀਆਂ ਵਿਵਾਦਤ ਟਿੱਪਣੀਆਂ ਕਾਰਨ ਪਾਕਿਸਤਾਨ ਸਰਕਾਰ ਨੂੰ ਕਿਹਾ ਹੈ ਕਿ ਭਾਰਤ ਨਾਲ ਹਰ ਤਰ੍ਹਾਂ ਦੇ ਸਬੰਧ ਖਤਮ ਕਰ ਦਿੱਤੇ ਜਾਣ ਤੇ ਇਨ੍ਹਾਂ ਟਿੱਪਣੀਆਂ ਵਿਰੁੱਧ ਸਖ਼ਤ ਰੁਖ਼ ਅਪਣਾਇਆ ਜਾਵੇ। ਹਾਲ ਹੀ 'ਚ ਸੱਤਾ ਤੋਂ ਲਾਂਭੇ ਹੋਏ ਇਮਰਾਨ ਖਾਨ, ਜੋ ਕਿ ਪਾਕਿਸਤਾਨ ਤਹਿਰੀਕ-ਏ-ਇਨਸਾਫ ਪਾਰਟੀ ਦੇ ਚੇਅਰਮੈਨ ਵੀ ਹਨ, ਨੇ ਇਹ ਪ੍ਰਗਟਾਵਾ ਇਥੇ ਵਕੀਲਾਂ ਦੀ ਕਨਵੈਨਸ਼ਨ ਨੂੰ ਸੰਬੋਧਨ ਕਰਦਿਆਂ ਕੀਤਾ। ਉਨ੍ਹਾਂ ਸੁਝਾਅ ਦਿੱਤਾ ਕਿ ਪਾਕਿਸਤਾਨ ਸਰਕਾਰ ਨੂੰ ਵੀ ਅਰਬ ਮੁਲਕਾਂ ਵਾਲਾ ਰਵੱਈਆ ਅਪਣਾਉਣਾ ਚਾਹੀਦਾ ਹੈ ਅਤੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਖ਼ਿਲਾਫ਼ ਸਖ਼ਤ ਸਟੈਂਡ ਲੈਣਾ ਚਾਹੀਦਾ ਹੈ।

ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਕਿਹਾ ਕਿ ਪਾਕਿਸਤਾਨ ਸਰਕਾਰ ਨੂੰ ਭਾਰਤ ਨਾਲ ਸਬੰਧ ਤੋੜਨ ਤੋਂ ਇਲਾਵਾ ਭਾਰਤੀ ਉਤਪਾਦਾਂ ਦਾ ਵੀ ਬਾਈਕਾਟ ਕਰਨਾ ਚਾਹੀਦਾ ਹੈ। ਬੀਤੇ ਸੋਮਵਾਰ ਨੂੰ ਵੀ ਇਮਰਾਨ ਖਾਨ ਨੇ ਭਾਜਪਾ ਆਗੂਆਂ ਦੀ ਟਿੱਪਣੀ ਦਾ ਵਿਰੋਧ ਕਰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ’ਤੇ ਭਾਰਤ ਵਿੱਚ ਮੁਸਲਿਮ ਭਾਈਚਾਰੇ ਖ਼ਿਲਾਫ਼ ਜਾਣਬੁੱਝ ਕੇ ਨਫਰਤ ਦੀ ਭਾਵਨਾ ਅਤੇ ਹਿੰਸਾ ਫੈਲਾਉਣ ਦਾ ਦੋਸ਼ ਲਗਾਇਆ ਸੀ। ਇਸੇ ਤਰ੍ਹਾਂ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਹਿਬਾਜ਼ ਸਰੀਫ਼ ਨੇ ਵੀ ਪੈਗੰਬਰ ਮੁਹੰਮਦ ਖ਼ਿਲਾਫ਼ ਕੀਤੀਆਂ ਗਈਆਂ ਟਿੱਪਣੀਆਂ ਦੀ ਨਿੰਦਾ ਕੀਤੀ ਸੀ।