ਔਰਤ ਦੀ ਹੱਤਿਆ ਮਗਰੋਂ ਪੁਲੀਸ ਕਰਮਚਾਰੀ ਨੇ ਕੀਤੀ ਖੁਦਕੁਸ਼ੀ

by jaskamal

ਨਿਊਜ਼ ਡੈਸਕ: ਕੇਂਦਰੀ ਕੋਲਕਾਤਾ ਦੇ ਪਾਰਕ ਸਰਕਸ ਇਲਾਕੇ 'ਚ ਬੰਗਲਾਦੇਸ਼ ਡਿਪਟੀ ਹਾਈ ਕਮਿਸ਼ਨ ਦੇ ਦਫ਼ਤਰ ਕੋਲੇ ਅੱਜ ਦੁਪਹਿਰ ਵੇਲੇ ਇਕ ਪੁਲੀਸ ਕਰਮਚਾਰੀ ਨੇ ਦੋਪਹੀਆ ਵਾਹਨ ਪਿੱਛੇ ਬੈਠੀ ਔਰਤ ਨੂੰ ਆਪਣੀ ਸਰਵਿਸ ਰਾਈਫਲ ਨਾਲ ਕਈ ਗੋਲੀਆਂ ਮਾਰੀਆਂ ਜਿਸ ਕਾਰਨ ਉਸ ਦੀ ਮੌਤ ਹੋ ਗਈ। ਇਸ ਮਗਰੋਂ ਪੁਲੀਸ ਕਰਮਚਾਰੀ ਨੇ ਖੁਦ ਨੂੰ ਵੀ ਗੋਲੀ ਮਾਰ ਕੇ ਆਤਮਹੱਤਿਆ ਕਰ ਲਈ। ਗੋਲੀ ਲੱਗਣ ਕਾਰਨ ਔਰਤ ਦੋਪਹੀਆ ਵਾਹਨ ਤੋਂ ਹੇਠਾਂ ਡਿੱਗ ਪਈ ਤੇ ਪੁਲੀਸ ਕਰਮਚਾਰੀ ਉਸ ’ਤੇ ਗੋਲੀਬਾਰੀ ਕਰਦਾ ਰਿਹਾ। ਇਸ ਮਗਰੋਂ ਪੁਲੀਸ ਕਰਮਚਾਰੀ ਨੇ ਆਪਣੇ ਸਿਰ 'ਚ ਗੋਲੀ ਮਾਰ ਲਈ। ਔਰਤ ਤੇ ਖੁਦਕੁਸ਼ੀ ਕਰਨ ਵਾਲੇ ਪੁਲੀਸ ਕਰਮਚਾਰੀ ਦੀ ਹਾਲੇ ਸ਼ਨਾਖ਼ਤ ਨਹੀਂ ਹੋਈ ਹੈ। ਇਸ ਘਟਨਾ ਦੇ ਚਸ਼ਮਦੀਦ ਬਬਲੂ ਸ਼ੇਖ ਨੇ ਦੱਸਿਆ ਕਿ ਪੂਰੀ ਘਟਨਾ ਪੰਜ ਮਿੰਟਾਂ ਵਿੱਚ ਵਾਪਰੀ। ਕੁਝ ਹੀ ਪਲਾਂ ;ਚ ਪੁਲੀਸ ਵੀ ਮੌਕੇ ’ਤੇ ਪਹੁੰਚ ਗਈ ਤੇ ਦੋਵੇਂ ਲਾਸ਼ਾਂ ਨੂੰ ਕਬਜ਼ੇ ਵਿੱਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।