ਪੋਟਾਸ਼ ਬਲਾਸਟ ਮਾਮਲਾ: ਪੁਲਿਸ ਨੇ ਕੀਤੇ ਨਾਬਾਲਿਗ ਬੱਚੇ ਗ੍ਰਿਫਤਾਰ

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਅਜਨਾਲਾ 'ਚ ਵਾਪਰੇ ਪੋਟਾਸ਼ ਧਮਾਕੇ 'ਚ ਜਿੱਥੇ ਇਕ ਨਾਬਾਲਗ ਲੜਕੇ ਦੀ ਜਾਨ ਚਲੀ ਗਈ ਸੀ ਉੱਥੇ ਹੀ ਦੋ ਹੋਰ ਗੰਭੀਰ ਰੂਪ ਨਾਲ ਜ਼ਖਮੀ ਸਨ। ਜਾਣਕਾਰੀ ਅਨੁਸਾਰ ਹਸਪਤਾਲ 'ਚ ਜ਼ੇਰੇ ਇਲਾਜ ਇਕ ਜ਼ਖ਼ਮੀ ਬੱਚੇ ਦਾ ਇਕ ਹੱਥ ਅਤੇ ਪੈਰ ਧਮਾਕੇ ਦੌਰਾਨ ਜ਼ਿਆਦਾ ਪ੍ਰਭਾਵਿਤ ਹੋਣ ਕਰਕੇ ਕੱਟਣਾ ਪੈ ਗਿਆ। ਇਸ ਮਾਮਲੇ ਵਿਚ ਪੁਲਿਸ ਵੱਲੋਂ ਦੋ ਨਾਬਾਲਿਗ ਬੱਚਿਆਂ ਨੂੰ ਅਦਾਲਤ ਵਿਚ ਪੇਸ਼ ਕਰ ਕੇ ਲੁਧਿਆਣਾ ਦੇ ਬਾਲ ਸੁਧਾਰ ਘਰ ਭੇਜ ਦਿੱਤਾ ਗਿਆ ਹੈ। ਇਨ੍ਹਾਂ ਬੱਚਿਆਂ ਜ਼ਰੀਏ ਮੋਹਿਤ ਨਾਮਕ ਵਿਅਕਤੀ ਨੇ ਫਤਹਿਗੜ੍ਹ ਚੂੜੀਆਂ ਦੀ ਇਕ ਕਿਰਿਆਨੇ ਦੀ ਦੁਕਾਨ ਤੋਂ ਪੋਟਾਸ਼ ਮੰਗਵਾਇਆ ਸੀ।

ਪੋਟਾਸ਼ ਦੀ ਖੁੱਲ੍ਹੀ ਵਿਕਰੀ 'ਤੇ ਪਾਬੰਦੀ ਹੈ। ਹੁਣ ਪੁਲਿਸ ਉਸ ਕਰਿਆਨੇ ਦੀ ਦੁਕਾਨ ਦੇ ਮਾਲਕ ਦੀ ਵੀ ਭਾਲ ਕਰ ਰਹੀ ਹੈ, ਜਿੱਥੋਂ ਸ਼ੱਕੀ ਮੋਹਿਤ ਨੇ ਅਜਨਾਲਾ ਦੇ ਪਿੰਡ ਕੋਟਲੀ ਕਾਜ਼ੀਆ ਵਿਖੇ ਕਰਵਾਏ ਜਾ ਰਹੇ ਵਾਲੀਬਾਲ ਟੂਰਨਾਮੈਂਟ ਤੋਂ ਬਾਅਦ ਪਟਾਖੇ ਚਲਾਉਣ ਲਈ ਪੋਟਾਸ਼ ਲਿਆਇਆ ਸੀ। ਧਮਾਕੇ 'ਚ ਇੱਕ ਬੱਚੇ ਦੀ ਮੌਤ ਹੋ ਗਈ ਅਤੇ ਦੋ ਜ਼ਖ਼ਮੀ ਹੋ ਗਏ ਸਨ, ਜਿਨ੍ਹਾਂ ਵਿੱਚੋਂ ਇੱਕ ਦੀ ਹਾਲਤ ਗੰਭੀਰ ਬਣੀ ਹੋਈ ਹੈ।