ਅੱਜ ਤੋਂ ਪਨਬੱਸ ਤੇ PRTC ਦੀਆਂ ਬੱਸਾਂ ਅਣਮਿੱਥੇ ਸਮੇਂ ਲਈ ਹੜਤਾਲ ਉੱਤੇ

by vikramsehajpal

ਚੰਡੀਗੜ੍ਹ (ਦੇਵ ਇੰਦਰਜੀਤ) : ਪੱਕੇ ਕਰਨ ਦੀ ਮੰਗ ਨੂੰ ਲੈ ਕੇ ਪਨਬੱਸ ਤੇ ਪੀ. ਆਰ. ਟੀ. ਸੀ. ਦੇ ਠੇਕਾ ਮੁਲਾਜ਼ਮਾਂ ਦੀ ਅਣਮਿੱਥੇ ਸਮੇਂ ਲਈ ਹੜਤਾਲ ਐਤਵਾਰ ਰਾਤ 12 ਵਜੇ ਤੋਂ ਸ਼ੁਰੂ ਹੋ ਗਈ, ਜਿਸ ਕਾਰਨ 2100 ਸਰਕਾਰੀ ਬੱਸਾਂ ਦਾ ਚੱਕਾ ਜਾਮ ਹੋ ਗਿਆ। ਇਸ ਦੇ ਮੱਦੇਨਜ਼ਰ 6000 ਤੋਂ ਜ਼ਿਆਦਾ ਠੇਕਾ ਮੁਲਾਜ਼ਮਾਂ ਨੇ ਕੰਮਕਾਜ ਠੱਪ ਕਰ ਦਿੱਤਾ।

ਹੜਤਾਲ ਨੂੰ ਰੋਕਣ ਦੇ ਸਰਕਾਰੀ ਦਾਅ-ਪੇਚ ਫੇਲ੍ਹ ਹੋ ਗਏ ਹਨ ਕਿਉਂਕਿ ਕਈ ਤਰ੍ਹਾਂ ਦੇ ਲਾਲਚ ਦੇਣ ਦੇ ਬਾਵਜੂਦ ਮੁਲਾਜ਼ਮ ਪੱਕਾ ਕਰਨ ਦੀ ਮੰਗ ’ਤੇ ਅੜੇ ਰਹੇ, ਜੋ ਕਿ ਲੋਕਾਂ ਲਈ ਪਰੇਸ਼ਾਨੀ ਵਾਲਾ ਦਿਨ ਸਾਬਤ ਹੋਵੇਗਾ। ਅਧਿਕਾਰੀਆਂ ਮੁਤਾਬਕ ਪੰਜਾਬ ਰੋਡਵੇਜ਼ ਅਤੇ ਪਨਬੱਸ ਕੋਲ 1500 ਦੇ ਕਰੀਬ ਬੱਸਾਂ ਹਨ, ਜਦੋਂਕਿ ਪੀ. ਆਰ. ਟੀ. ਸੀ. ਕੋਲ 1100 ਤੋਂ ਜ਼ਿਆਦਾ ਬੱਸਾਂ ਮੌਜੂਦ ਹਨ, ਜਿਨ੍ਹਾਂ ਵਿਚ ਕਿਲੋਮੀਟਰ ਸਕੀਮ ਵਾਲੀਆਂ ਬੱਸਾਂ ਵੀ ਸ਼ਾਮਲ ਹਨ।

ਕੁੱਲ 2650 ਸਰਕਾਰੀ ਬੱਸਾਂ ਚਲਦੀਆਂ ਹਨ। ਪੰਜਾਬ ਰੋਡਵੇਜ਼ ਅਤੇ ਪਨਬੱਸ ਦੇ ਅਧਿਕਾਰੀਆਂ ਦਾ ਦਾਅਵਾ ਹੈ ਕਿ ਹੜਤਾਲ ਦੌਰਾਨ ਉਹ 250 ਦੇ ਕਰੀਬ ਬੱਸਾਂ ਚਲਾਉਣ ਵਿਚ ਕਾਮਯਾਬ ਹੋ ਜਾਣਗੇ, ਜਦੋਂ ਕਿ ਪੀ. ਆਰ. ਟੀ. ਸੀ. ਦਾ 300 ਬੱਸਾਂ ਚਲਾਉਣ ਦਾ ਦਾਅਵਾ ਹੈ। ਯੂਨੀਅਨ ਨੂੰ ਛੱਡ ਕੇ ਜੇਕਰ ਅਧਿਕਾਰੀਆਂ ਦੀ ਗੱਲ ਮੰਨ ਲਈ ਜਾਵੇ ਤਾਂ ਫਿਰ ਵੀ 550 ਦੇ ਕਰੀਬ ਬੱਸਾਂ ਹੀ ਚੱਲ ਸਕਣਗੀਆਂ, ਜਦੋਂ ਕਿ 2100 ਬੱਸਾਂ ਦੇ ਪਹੀਏ ਰੁਕੇ ਰਹਿਣਗੇ।

ਮੁਲਾਜ਼ਮਾਂ ਦੀ ਗੱਲ ਕੀਤੀ ਜਾਵੇ ਤਾਂ ਪਨਬੱਸ ਦੇ ਕੋਲ 3800 ਠੇਕਾ ਮੁਲਾਜ਼ਮ ਹਨ, ਜਦੋਂ ਕਿ ਪੀ. ਆਰ. ਟੀ. ਸੀ. ਕੋਲ 2850 ਮੁਲਾਜ਼ਮ ਮੌਜੂਦ ਹਨ। ਦੱਸਿਆ ਜਾ ਰਿਹਾ ਹੈ ਕਿ ਪੀ. ਆਰ. ਟੀ. ਸੀ. ਕੋਲ 500 ਤੋਂ ਘੱਟ ਪੱਕੇ ਮੁਲਾਜ਼ਮ ਮੌਜੂਦ ਹਨ। ਸਰਕਾਰੀ ਅੰਕੜਿਆਂ ਮੁਤਾਬਕ 6000 ਤੋਂ ਜ਼ਿਆਦਾ ਠੇਕਾ ਮੁਲਾਜ਼ਮ ਹੜਤਾਲ ’ਤੇ ਰਹਿਣਗੇ।

ਪਨਬੱਸ ਵਿਚ ਸਿੱਧੇ ਤੌਰ ’ਤੇ ਠੇਕੇ ’ਤੇ ਕੰਟਰੈਕਟ ਵਰਕਰਾਂ ਨੂੰ ਮਨਾਉਣ ਦੀ ਬਹੁਤ ਕੋਸ਼ਿਸ਼ ਹੋਈ। ਰੋਡਵੇਜ਼ ਦੇ ਅਧਿਕਾਰੀ ਪੱਕੇ ਮੁਲਾਜ਼ਮਾਂ ਦੀਆਂ ਛੁੱਟੀਆਂ ਰੱਦ ਕਰਨ ਦੀ ਗੱਲ ਕਰ ਰਹੇ ਹਨ, ਜਦੋਂ ਕਿ ਇਹ ਗੱਲ ਵੀ ਸਾਹਮਣੇ ਆ ਰਹੀ ਹੈ ਕਿ ਕਈ ਮੁਲਾਜ਼ਮ ਮੈਡੀਕਲ ਅਤੇ ਹੋਰ ਕਾਰਨ ਦੱਸ ਕੇ ਛੁੱਟੀ ’ਤੇ ਜਾ ਰਹੇ ਹਨ।

ਉੱਥੇ ਹੀ ਪਨਬੱਸ ਅਤੇ ਪੀ. ਆਰ. ਟੀ. ਸੀ. ਠੇਕਾ ਮੁਲਾਜ਼ਮ ਯੂਨੀਅਨ ਦੇ ਸੂਬਾ ਜਨਰਲ ਸਕੱਤਰ ਬਲਜੀਤ ਸ਼ੇਰਗਿੱਲ ਦਾ ਕਹਿਣਾ ਹੈ ਕਿ ਅਧਿਕਾਰੀ 550 ਬੱਸਾਂ ਚਲਾਉਣ ਦੇ ਭਾਵੇਂ ਹੀ ਦਾਅਵੇ ਕਰ ਰਹੇ ਹਨ ਪਰ 300 ਤੋਂ ਜ਼ਿਆਦਾ ਸਰਕਾਰੀ ਬੱਸਾਂ ਕਿਸੇ ਵੀ ਹਾਲਤ ਵਿਚ ਨਹੀਂ ਚੱਲ ਸਕਣਗੀਆਂ। ਉਨ੍ਹਾਂ ਕਿਹਾ ਕਿ ਪੱਕੇ ਮੁਲਾਜ਼ਮ ਸਿਰਫ ਉਹੀ ਬੱਸਾਂ ਚਲਾਉਣਗੇ, ਜਿਨ੍ਹਾਂ ’ਤੇ ਪੰਜਾਬ ਰੋਡਵੇਜ਼ ਲਿਖਿਆ ਹੋਵੇਗਾ। ਪਨਬੱਸ ਨਾਲ ਸਬੰਧਿਤ ਬੱਸਾਂ ਡਿਪੂਆਂ ਵਿਚ ਹੀ ਖੜ੍ਹੀਆਂ ਰਹਿਣਗੀਆਂ।

ਸ਼ੇਰਗਿੱਲ ਨੇ ਦਾਅਵਾ ਕੀਤਾ ਕਿ ਰੋਡਵੇਜ਼ ਦੀਆਂ ਬੱਸਾਂ ਦੀ ਹਾਲਤ ਬਹੁਤ ਖ਼ਰਾਬ ਹੈ, ਉਹ ਪੰਜਾਬ ਤੋਂ ਬਾਹਰ ਜਾਣ ਦੇ ਕਾਬਲ ਨਹੀਂ ਹਨ, ਜੇਕਰ ਅਧਿਕਾਰੀ ਉਕਤ ਬੱਸਾਂ ਨੂੰ ਪੰਜਾਬ ਤੋਂ ਬਾਹਰ ਭੇਜਣ ਦਾ ਰਿਸਕ ਲੈਂਦੇ ਹਨ ਤਾਂ ਸਵਾਰੀਆਂ ਨਾਲ ਖਿਲਵਾੜ ਹੋਵੇਗਾ। ਯੂਨੀਅਨ ਨਾਲ ਸਬੰਧਿਤ ਅਧਿਕਾਰੀਆਂ ਨੇ ਐਤਵਾਰ ਪੂਰਾ ਦਿਨ ਵੱਖ-ਵੱਖ ਸ਼ਹਿਰਾਂ ਵਿਚ ਮੀਟਿੰਗਾਂ ਕੀਤੀਆਂ। ਇਸ ਦੌਰਾਨ ਵੱਖ-ਵੱਖ ਡਿਪੂਆਂ ਦੇ ਪ੍ਰਧਾਨ ਚੇਅਰਮੈਨ ਤੇ ਸੀਨੀਅਰ ਅਧਿਕਾਰੀ ਵੀ ਮੌਜੂਦ ਰਹੇ।

ਜਲੰਧਰ ਦੇ ਡਿਪੂ ਇਕ ਵਿਚ ਪੰਜਾਬ ਸਰਕਾਰ ਦੇ ਰੋਸ-ਪ੍ਰਦਰਸ਼ਨ ਵਿਚ ਨਾਅਰੇਬਾਜ਼ੀ ਕਰਦੇ ਹੋਏ ਡਿਪੂ-1 ਦੇ ਪ੍ਰਧਾਨ ਗੁਰਪ੍ਰੀਤ ਭੁੱਲਰ, ਜਨਰਲ ਸਕੱਤਰ ਚਾਨਣ, ਸਰਪ੍ਰਸਤ ਗੁਰਜੀਤ, ਮੀਤ ਪ੍ਰਧਾਨ ਗੁਰਪ੍ਰਕਾਰ, ਵਾਈਸ ਚੇਅਰਮੈਨ ਸੁਖਦੇਵ ਨੇ ਕਿਹਾ ਕਿ ਉਨ੍ਹਾਂ ਤੁਰੰਤ-ਪ੍ਰਭਾਵ ਨਾਲ ਪੱਕਾ ਕੀਤਾ ਜਾਵੇ ਨਹੀਂ ਤਾਂ ਹੜਤਾਲ ਖ਼ਤਮ ਨਹੀਂ ਹੋਵੇਗੀ।