Punjab: 20 ਸਾਲਾ ਨੌਜਵਾਨ ਦੀ ਨਸ਼ੇ ਦੀ ਓਵਰਡੋਜ਼ ਕਾਰਨ ਹੋਈ ਮੌਤ

by nripost

ਕਾਠਗੜ੍ਹ (ਰਾਘਵ): ਖੇਤਰ ਦੇ ਪਿੰਡ ਰੈਲ ਮਾਜਰਾ ਵਿਚ 20 ਸਾਲਾ ਦੇ ਇਕ ਨੌਜਵਾਨ ਦੀ ਨਸ਼ੀਲਾ ਪਦਾਰਥ ਚਿੱਟੇ ਦਾ ਸੇਵਨ ਕਰਨ ਨਾਲ ਮੌਤ ਹੋ ਗਈ। ਇਸ ਸਬੰਧੀ ਦੁਖੀ ਮਨ ਨਾਲ ਜਾਣਕਾਰੀ ਦਿੰਦੇ ਹੋਏ ਰੈਲ ਮਾਜਰਾ ਦੇ ਸਮਾਜ ਸੇਵੀ ਸੁਰਿੰਦਰ ਸ਼ਿੰਦਾ ਨੇ ਦੱਸਿਆ ਕਿ ਉਨ੍ਹਾਂ ਦੇ ਪਿੰਡ ਦਾ ਇਕ ਨੌਜਵਾਨ ਨਿਤਿਨ ਕੁਮਾਰ (20 ਸਾਲ) ਪੁੱਤਰ ਜਸਵੀਰ ਸਿੰਘ ਚਿੱਟੇ ਦੇ ਨਸ਼ੇ ਨਾਲ ਮੌਤ ਦੇ ਮੂੰਹ ਵਿਚ ਚਲਾ ਗਿਆ ਹੈ, ਜਿਸ ਨਾਲ ਉਸ ਦੇ ਪਰਿਵਾਰਕ ਮੈਂਬਰਾਂ ਦਾ ਰੋ-ਰੋ ਕੇ ਬੁਰਾ ਹਾਲ ਹੋ ਰਿਹਾ ਹੈ। ਉਨ੍ਹਾਂ ਸਰਕਾਰਾਂ ’ਤੇ ਭੜਾਸ ਕੱਢਦਿਆਂ ਕਿਹਾ ਕਿ ਪੰਜਾਬ ਨੂੰ ਨਸ਼ਾ ਮੁਕਤ ਕਰਨ ਲਈ ਸਮੇਂ ਦੀਆਂ ਸਰਕਾਰਾਂ ਨਾਕਾਮ ਸਾਬਤ ਹੋ ਰਹੀਆਂ ਹਨ ਕਿਉਂਕਿ ਇਨ੍ਹਾਂ ਨਸ਼ਿਆਂ ਦੇ ਦੈਂਤ ਨੇ ਪਤਾ ਨਹੀਂ ਕਿੰਨੀਆਂ ਮਾਵਾਂ ਦੇ ਪੁੱਤ, ਸੁਹਾਗਣਾਂ ਦੇ ਸੁਹਾਗ ਅਤੇ ਕਿੰਨੀਆਂ ਭੈਣਾਂ ਦੇ ਭਰਾਵਾਂ ਨੂੰ ਨਿਗਲ ਲਿਆ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਨਸ਼ਿਆਂ ਨਾਲ ਘਰਾਂ ਦੇ ਘਰ ਬਰਬਾਦ ਹੋ ਰਹੇ ਹਨ ਪਰ ਪਤਾ ਨਹੀਂ ਪਿੰਡ ਦੇ ਲੋਕ ਨਸ਼ਿਆਂ ਖ਼ਿਲਾਫ਼ ਖੁੱਲ੍ਹ ਕੇ ਆਵਾਜ਼ ਕਿਉਂ ਨਹੀਂ ਉਠਾ ਰਹੇ।

ਸਰਕਾਰਾਂ ਦੀ ਨਾਲਾਇਕੀ ਦੀ ਗੱਲ ਕਰਦਿਆਂ ਸ਼ਿੰਦਾ ਨੇ ਕਿਹਾ ਕਿ ਸਰਕਾਰਾਂ ਨਸ਼ਿਆਂ ਦੇ ਕੋਹੜ ਨੂੰ ਦੂਰ ਕਰਨ ਦਾ ਢੰਡੋਰਾ ਤਾਂ ਪਿੱਟ ਰਹੀਆਂ ਹਨ ਪਰ ਜ਼ਮੀਨੀ ਹਕੀਕਤ ਜ਼ੀਰੋ ਹੈ। ਉਨ੍ਹਾਂ ਕਿਹਾ ਕਿ ਇਸ ਕੋਹੜ ਤੋਂ ਮੁਕਤੀ ਤਾਂ ਹੀ ਮਿਲ ਸਕਦੀ ਹੈ ਜਦੋਂ ਲੋਕ ਅਤੇ ਸਰਕਾਰਾਂ ਇਕੱਠੇ ਹੋ ਕੇ ਹੰਭਲਾ ਮਾਰਨਗੇ। ਉਨ੍ਹਾਂ ਕਿਹਾ ਕਿ ਜੇਕਰ ਨਸ਼ਿਆਂ ਖ਼ਿਲਾਫ਼ ਸਖ਼ਤ ਕਦਮ ਨਾ ਚੁੱਕੇ ਗਏ ਤਾਂ ਪੰਜਾਬ ਦੀ ਨੌਜਵਾਨੀ ਦਿਨੋਂ-ਦਿਨ ਇਸ ਦਲਦਲ ਵਿਚ ਫਸ ਕੇ ਆਪਣੀ ਜੀਵਨ ਲੀਲਾ ਸਮਾਪਤ ਕਰਦੀ ਰਹੇਗੀ ਅਤੇ ਘਰ ਉੱਜੜਦੇ ਰਹਿਣਗੇ।