ਪੰਜਾਬ : ਆਰ. ਸੀ. ਤੇ ਡਰਾਈਵਿੰਗ ਲਾਇਸੈਂਸ ਬਨਾਉਣ ਵਾਲਿਆਂ ਲਈ ਵੱਡੀ ਖ਼ਬਰ

by nripost

ਚੰਡੀਗੜ੍ਹ (ਰਾਘਵ) : ਨਵੀਂ ਆਰ. ਸੀ. ਜਾਂ ਡਰਾਈਵਿੰਗ ਲਾਇਸੈਂਸ ਲਈ ਅਪਲਾਈ ਕਰਨ ਵਾਲੇ ਲੋਕਾਂ ਦੀ ਉਡੀਕ ਅਜੇ ਖ਼ਤਮ ਹੁੰਦੀ ਨਹੀਂ ਦਿਖਾਈ ਦੇ ਰਹੀ ਹੈ। ਪੰਜਾਬ ਟਰਾਂਸਪੋਰਟ ਵਿਭਾਗ ਤਕਨੀਕੀ ਕਾਰਨਾਂ ਦੇ ਚੱਲਦਿਆਂ ਨਵੇਂ ਵਾਹਨਾਂ ਦੀ ਆਰ. ਸੀ. ਅਤੇ ਡਰਾਈਵਿੰਗ ਲਾਇਸੈਂਸ ਲਈ ਟੈਂਡਰ ਜਾਰੀ ਨਹੀਂ ਕਰ ਸਕਿਆ ਹੈ। ਇਹ ਹੀ ਕਾਰਨ ਹੈ ਕਿ ਪੰਜਾਬ 'ਚ ਇਸ ਸਮੇਂ ਕਰੀਬ ਢਾਈ ਲੱਖ ਨਵੇਂ ਵਾਹਨਾਂ ਦੀ ਆਰ. ਸੀ. ਅਤੇ ਡਰਾਈਵਿੰਗ ਲਾਇਸੈਂਸ ਬਣਵਾਉਣ ਦੇ ਕੇਸ ਪੈਂਡਿੰਗ ਪਏ ਹਨ। ਟਰਾਂਸਪੋਰਟ ਵਿਭਾਗ ਦੇ ਪ੍ਰਸ਼ਾਸਨਿਕ ਸਕੱਤਰ ਵਰੁਣ ਰੂਜਮ ਨੇ ਉਕਤ ਜਾਣਕਾਰੀ ਨੂੰ ਸਹੀ ਦੱਸਦੇ ਹੋਏ ਕਿਹਾ ਹੈ ਕਿ ਪੰਜਾਬ 'ਚ 2 ਮਹੀਨੇ ਪਹਿਲਾਂ ਤੱਕ ਨਵੇਂ ਵਾਹਨਾਂ ਦੀ ਆਰ. ਸੀ. ਅਤੇ ਡਰਾਈਵਿੰਗ ਲਾਇਸੈਂਸ ਦੇ ਕਰੀਬ 5 ਲੱਖ ਤੋਂ ਜ਼ਿਆਦਾ ਕੇਸ ਪੈਂਡਿੰਗ ਸਨ।

ਕਿਸੇ ਕਾਰਨ ਕਰਕੇ ਅਜੇ ਤੱਕ ਟੈਂਡਰ ਜਾਰੀ ਨਹੀਂ ਹੋ ਸਕਿਆ ਹੈ ਅਤੇ ਵਿਭਾਗ ਆਪਣੇ ਪੱਧਰ 'ਤੇ ਕਰੀਬ ਢਾਈ ਲੱਖ ਤੋਂ ਜ਼ਿਆਦਾ ਕੇਸ ਨਿਪਟਾ ਚੁੱਕਾ ਹੈ। ਇਸ ਸਮੇਂ ਬਕਾਇਆ ਕੇਸਾਂ ਦੀ ਗਿਣਤੀ ਕਰੀਬ 2 ਤੋਂ 2.50 ਲੱਖ ਦੇ ਵਿਚਕਾਰ ਚੱਲ ਰਹੀ ਹੈ, ਜਿਸ 'ਤੇ ਕੰਮ ਜਾਰੀ ਹੈ। ਉਨ੍ਹਾਂ ਨੇ ਦੱਸਿਆ ਕਿ ਅਜੇ ਤੱਕ ਸਾਫ਼ ਨਹੀਂ ਹੈ ਕਿ ਟੈਂਡਰ ਪ੍ਰਕਿਰਿਆ ਨੂੰ ਕਦੋਂ ਤੱਕ ਪੂਰਾ ਕੀਤਾ ਜਾਵੇਗਾ ਅਤੇ ਟੈਂਡਰ ਜਿਨ੍ਹਾਂ ਸ਼ਰਤਾਂ 'ਤੇ ਜਾਰੀ ਕੀਤਾ ਜਾਣਾ ਹੈ, ਉਨ੍ਹਾਂ ਸ਼ਰਤਾਂ ਨੂੰ ਪੂਰਾ ਕਰਨ ਵਾਲੀ ਕੋਈ ਕੰਪਨੀ ਟੈਂਡਰ ਜਾਰੀ ਹੋਣ ਤੋਂ ਬਾਅਦ ਕੰਮ ਲਈ ਅਪਲਾਈ ਕਰਦੀ ਹੈ ਜਾਂ ਨਹੀਂ। ਵਿਭਾਗੀ ਅੰਕੜਿਆਂ ਮੁਤਾਬਕ ਪੰਜਾਬ 'ਚ 2 ਕਰੋੜ ਤੋਂ ਜ਼ਿਆਦਾ ਵਾਹਨ ਰਜਿਸਟਰਡ ਹਨ।

ਇਹ ਗਿਣਤੀ ਹਰ ਸਾਲ ਵੱਧਦੀ ਜਾ ਰਹੀ ਹੈ ਪਰ ਤੈਅ ਨਿਯਮਾਂ ਮੁਤਾਬਕ ਆਪਣੀ ਲਿਮਟ ਪੂਰਾ ਕਰ ਚੁੱਕੇ ਵਾਹਨਾਂ ਨੂੰ ਸੜਕਾਂ ਤੋਂ ਨਹੀਂ ਹਟਾਇਆ ਜਾ ਰਿਹਾ ਹੈ। ਵਿਭਾਗੀ ਅਧਿਕਾਰੀਆਂ ਦਾ ਕਹਿਣਾ ਹੈ ਕਿ ਪੁਰਾਣੇ ਵਾਹਨਾਂ ਨੂੰ ਕਬਾੜ 'ਚ ਵੇਚਣ ਵਾਲੇ ਲੋਕ ਆਰ. ਸੀ. ਰੱਦ ਕਰਨ ਲਈ ਅਪਲਾਈ ਨਹੀਂ ਕਰਦੇ, ਇਸੇ ਕਾਰਨ 3 ਸਾਲਾਂ 'ਚ ਨਸ਼ਟ ਕੀਤੇ ਵਾਹਨਾਂ ਦੀ ਗਿਣਤੀ ਦਾ ਕੋਈ ਅੰਕੜਾ ਉਪਲੱਬਧ ਨਹੀਂ ਹੈ। ਵਿਭਾਗੀ ਅਧਿਕਾਰੀ ਖ਼ੁਦ ਮੰਨਦੇ ਹਨ ਕਿ ਕਈ ਲੋਕ ਆਪਣੇ ਨਵੇਂ ਵਾਹਨਾਂ ਦੀ ਆਰ. ਸੀ. ਲਈ 6 ਤੋਂ 8 ਮਹੀਨਿਆਂ ਤੱਕ ਇੰਤਜ਼ਾਰ ਕਰ ਚੁੱਕੇ ਹਨ। ਵਿਭਾਗ ਕੋਲ ਅਰਜ਼ੀਆਂ ਮੁਤਾਬਕ ਮੁਲਾਜ਼ਮ ਅਤੇ ਵਿਵਸਥਾ ਦੀ ਕਮੀ ਹੈ, ਜਿਸ ਕਾਰਨ ਬਕਾਇਆ ਕੇਸਾਂ ਦਾ ਅੰਕੜਾ ਵੱਧਦੇ-ਵੱਧਦੇ ਲੱਖਾਂ 'ਚ ਪਹੁੰਚ ਗਿਆ ਹੈ।