ਜਲੰਧਰ : ਪੰਜਾਬ ਭਾਜਪਾ ਦੇ ਪ੍ਰਧਾਨ ਸ਼ਵੇਤ ਮਲਿਕ ਨੇ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ 'ਤੇ ਜ਼ੋਰਦਾਰ ਹਮਲਾ ਬੋਲਿਆ ਹੈ। ਕੈਪਟਨ-ਸਿੱਧੂ ਵਿਵਾਦ ਵੱਲ ਇਸ਼ਾਰਾ ਕਰਦਿਆਂ ਉਨ੍ਹਾਂ ਕਿਹਾ ਕਿ ਖ਼ੁਦ ਰਾਹੁਲ ਗਾਂਧੀ ਨੇ ਕੈਪਟਨ ਨੂੰ ਕਮਜ਼ੋਰ ਕਰਨ ਲਈ ਸਿੱਧੂ ਨੂੰ ਸ਼ਹਿ ਦਿੱਤੀ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਅੰਦਰੂਨੀ ਰਾਜਨੀਤੀ 'ਚ ਪੰਜਾਬ ਬਰਬਾਦ ਕਰ ਰਿਹਾ ਹੈ। ਮਲਿਕ ਐਤਵਾਰ ਨੂੰ ਇੱਥੇ ਭਾਰਤੀ ਜਨਤਾ ਪਾਰਟੀ ਦੇ ਮੈਂਬਰਤਾ ਅਭਿਆਨ ਨੂੰ ਲੈ ਕੇ ਹੋਈ ਵਰਕਸ਼ਾਪ 'ਚ ਹਿੱਸਾ ਲੈਣ ਪਹੁੰਚੇ ਹਨ।ਇਸ ਤੋਂ ਬਾਅਦ ਉਨ੍ਹਾਂ ਮੀਡੀਆ ਨਾਲ ਗੱਲਾਬਾਤ ਕੀਤੀ। ਮਲਿਕ ਨੇ ਕਿਹਾ ਕਿ ਕਾਂਗਰਸ ਦੀ ਅੰਦਰੂਨੀ ਰਾਜਨੀਤੀ ਦਾ ਸ਼ਿਕਾਰ ਹੋ ਕੇ ਪੰਜਾਬ ਬਰਬਾਦੀ ਵੱਲ ਜਾ ਰਿਹਾ ਹੈ।
ਅਜਿਹਾ ਪਹਿਲੀ ਵਾਰ ਦੇਖਿਆ ਜਾ ਰਿਹਾ ਹੈ ਕਿ ਕਿਸੇ ਰਾਜਨੀਤਕ ਪਾਰਟੀ ਦਾ ਪ੍ਰਧਾਨ ਆਪਣੇ ਹੀ ਮੁੱਖ ਮੰਤਰੀ ਨੂੰ ਨੁਕਸਾਨ ਪਹੁੰਚਾਉਣ ਲਈ ਐਕਟਿਵ ਹੈ। ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਕੰਮ 'ਚ ਰੁਕਾਵਟ ਪਾਉਣ ਲਈ ਨਵਜੋਤ ਸਿੰਘ ਸਿੱਧੂ ਨੂੰ ਭੇਜਿਆ ਹੋਇਆ ਹੈ। ਕਾਂਗਰਸ ਦੀ ਅੰਦਰੂਨੀ ਖਿੱਚੋਤਾਣ ਤੋਂ ਆਮ ਜਨਤਾ ਨੂੰ ਨੁਕਸਾਨ ਹੋ ਰਿਹਾ ਹੈ।
ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਨੇ ਸਿੱਧੂ ਨੂੰ ਸਥਾਨਕ ਸਰਕਾਰਾਂ ਮੰਤਰੀ ਵਿਭਾਗ ਤੋਂ ਹਟਾ ਕੇ ਭਾਜਪਾ ਦੀ ਇਸ ਗੱਲ ਨੂੰ ਸਾਬਿਤ ਕਰ ਦਿੱਤਾ ਹੈ ਕਿ ਪੰਜਾਬ 'ਚ ਸ਼ਹਿਰਾਂ 'ਚ ਵਿਕਾਸ ਕਾਰਜ ਰੁਕ ਚੁੱਕੇ ਹਨ। ਉਨ੍ਹਾਂ ਕਿਹਾ ਕਿ ਕਾਂਗਰਸ ਦੇ ਝੂਠੇ ਵਾਅਦਿਆਂ ਤੋਂ ਜਨਤਾ ਤੰਗ ਆ ਗਈ ਹੈ ਤੇ ਭਾਜਪਾ ਦੀ ਵਾਪਸੀ ਹੋ ਰਹੀ ਹੈ। 6 ਜੁਲਾਈ ਤੋਂ ਮਾਧੋਪੁਰ ਤੋਂ ਭਾਜਪਾ ਦਾ ਮੈਂਬਰਸ਼ਿਪ ਅਭਿਆਨ ਸ਼ੁਰੂ ਹੋ ਰਿਹਾ ਹੈ ਤੇ ਇਹੀ ਸਾਰੇ ਰਿਕਾਰਡ ਤੋੜੇਗਾ।