
ਜੈਤੋ (ਨੇਹਾ): ਇੱਥੋਂ ਨੇੜਲੇ ਪਿੰਡ ਰੋੜੀਕਪੂਰਾ, ਜ਼ਿਲ੍ਹਾ ਫ਼ਰੀਦਕੋਟ ਵਿਖੇ ਨਸ਼ਾ ਕਰਨ ਦੇ ਆਦੀ ਇਕ ਨੌਜਵਾਨ ਦੀ ਨਸ਼ੇ ਦੀ ਵੱਧ ਮਾਤਰਾ ਲੈਣ ਨਾਲ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਮਨਪ੍ਰੀਤ ਸਿੰਘ ਉਰਫ਼ ਮਣੀ ਉਮਰ 22 ਸਾਲ ਪੁੱਤਰ ਸਾਰਜ ਸਿੰਘ ਵਾਸੀ ਰੋੜੀਕਪੂਰਾ ਜੋ ਲੰਮੇ ਸਮੇਂ ਤੋਂ ਨਸ਼ੇ ਕਰਨ ਦਾ ਆਦੀ ਸੀ। ਕੁਝ ਸਾਲ ਪਹਿਲਾਂ ਮ੍ਰਿਤਕ ਨੌਜਵਾਨ ਦੇ ਪਿਤਾ ਸਾਰਜ ਸਿੰਘ ਦੀ ਵੀ ਮੌਤ ਨਸ਼ੇ ਕਾਰਨ ਹੋਈ ਸੀ। ਨਸ਼ੇ ਨੇ ਮ੍ਰਿਤਕ ਮਨਪ੍ਰੀਤ ਸਿੰਘ ਉਰਫ਼ ਮਣੀ ਦੇ ਪਰਿਵਾਰ ਦੀਆਂ ਦੋ ਔਰਤਾਂ ਨੂੰਹ, ਸੱਸ ਅਤੇ ਦੋ ਸਾਲ ਦੀ ਬੱਚੀ ਬੇਸਹਾਰਾ ਕਰ ਦਿੱਤਾ ਹੈ।
ਮ੍ਰਿਤਕ ਮਨਪ੍ਰੀਤ ਸਿੰਘ ਉਰਫ਼ ਮਣੀ ਦੀ ਵਿਧਵਾ ਮਾਂ ਨੇ ਮੀਡੀਆ ਸਾਹਮਣੇ ਆਪਣੀ ਦੁਖੜੇ ਸੁਣਾਉਂਦਿਆਂ ਕਿਹਾ ਕਿ ਇਕ ਪਾਸੇ ਤਾਂ ਪੰਜਾਬ ਦੀ ਭਗਵੰਤ ਮਾਨ ਸਰਕਾਰ, ਮੰਤਰੀ ਅਤੇ ਐੱਮਐੱਲਏ ਪਿੰਡ-ਪਿੰਡ ਜਾ ਕੇ ਪੰਜਾਬ ਨੂੰ ਨਸ਼ਾ ਮੁਕਤ ਕਰਨ ਦਾ ਢੰਡੋਰਾ ਪਿੱਟ ਰਹੇ ਹਨ, ਪਰ ਅੱਜ ਵੀ ਪਿੰਡ ਰੋੜੀਕਪੂਰਾ ਵਿਚ ਸ਼ਰੇਆਮ ਨਸ਼ਾ ਵਿਕ ਰਿਹਾ ਹੈ, ਜਿਸ ਨੇ ਮੇਰੇ ਨੌਜਵਾਨ ਪੁੱਤਰ ਨੂੰ ਨਿਗਲ ਲਿਆ ਹੈ।