Punjab: ਅੰਤਰਰਾਜੀ ਹਵਾਲਾ ਰੈਕੇਟ ਦਾ ਪਰਦਾਫਾਸ਼, ਜਾਂਚ ‘ਚ ਜੁਟੀ ਪੁਲਸ

by nripost

ਅੰਮ੍ਰਿਤਸਰ (ਰਾਘਵ): ਜ਼ਿਲ੍ਹਾ ਅੰਮ੍ਰਿਤਸਰ ਦਿਹਾਤੀ ਦੀ ਪੁਲਸ ਨੇ ਇਕ ਅੰਤਰਰਾਜੀ ਹਵਾਲਾ ਰੈਕੇਟ ਦਾ ਪਰਦਾਫਾਸ਼ ਕਰਦਿਆਂ ਲੁਧਿਆਣਾ ਦੇ ਰਹਿਣ ਵਾਲੇ ਬਚਿੱਤਰ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਹੈ। ਉਸ ਦੇ ਕਬਜ਼ੇ ’ਚੋਂ 12.99 ਲੱਖ ਰੁਪਏ ਦੀ ਭਾਰਤੀ ਕਰੰਸੀ ਅਤੇ ਇਕ ਮੋਬਾਈਲ ਫ਼ੋਨ ਬਰਾਮਦ ਕੀਤਾ ਗਿਆ ਹੈ। ਮਾਣਯੋਗ ਅਦਾਲਤ ਦੇ ਨਿਰਦੇਸ਼ਾਂ ’ਤੇ ਥਾਣਾ ਲੋਪੋਕੇ ਦੀ ਪੁਲਸ ਨੇ ਕੇਸ ਦਰਜ ਕਰ ਕੇ ਮੁਲਜ਼ਮ ਨੂੰ ਜਾਂਚ ਲਈ ਪੁਲਸ ਰਿਮਾਂਡ ’ਤੇ ਲਿਆ ਹੈ।

ਇਹ ਜਾਣਕਾਰੀ ਐੱਸ. ਪੀ. ਇਨਵੈਸਟੀਗੇਸ਼ਨ ਆਦਿੱਤਿਆ ਵਾਰੀਅਰ ਕਪਤਾਨ ਨੇ ਦਿੱਤੀ। ਉਨ੍ਹਾਂ ਦੱਸਿਆ ਕਿ 1 ਜੂਨ ਨੂੰ ਦਿਹਾਤੀ ਪੁਲਸ ਨੇ ਫਤਿਹ ਸਿੰਘ ਉਰਫ਼ ਗਾਂਧੀ, ਰਣਜੀਤ ਸਿੰਘ ਕਾਲਾ ਅਤੇ ਜਗਰੂਪ ਸਿੰਘ ਲਾਲੀ ਨੂੰ 5 ਗਲੌਕ ਪਿਸਤੌਲਾਂ, 30 ਬੋਰ ਦੇ 2 ਪਿਸਤੌਲਾਂ, 1 ਜਿਗਾਣਾ ਪਿਸਤੌਲ ਅਤੇ 10 ਕਾਰਤੂਸਾਂ ਸਮੇਤ ਗ੍ਰਿਫ਼ਤਾਰ ਕੀਤਾ ਸੀ, ਜਿਸ ਤੋਂ ਬਾਅਦ ਬਚਿੱਤਰ ਸਿੰਘ ਦਾ ਨਾਂ ਪੁਲਸ ਜਾਂਚ ’ਚ ਸਾਹਮਣੇ ਆਇਆ ਸੀ, ਜਿਸ ਨੂੰ ਛਾਪੇਮਾਰੀ ਤੋਂ ਬਾਅਦ ਭਾਰਤੀ ਕਰੰਸੀ ਸਮੇਤ ਗ੍ਰਿਫ਼ਤਾਰ ਕੀਤਾ ਗਿਆ ਸੀ। ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ।