
ਤਰਨਤਾਰਨ (ਰਾਘਵ): ਤਰਨਤਾਰਨ ਜ਼ਿਲ੍ਹੇ ਦੀ ਪੁਲਿਸ ਨੇ ਡ੍ਰੋਨ ਰਾਂਹੀ ਸਰਹੱਦ ਪਾਰੋਂ ਹਥਿਆਰ ਮੰਗਵਾ ਕੇ ਤਰਨਤਾਰਨ ਤੇ ਪੰਜਾਬ ਦੇ ਹੋਰ ਸ਼ਹਿਰਾਂ ਵਿਚ ਸਪਲਾਈ ਕਰਨ ਵਾਲੇ ਤਿੰਨ ਜਣਿਆਂ ਨੂੰ ਬੇਨਕਾਬ ਕਰਦਿਆਂ ਦੋ ਨੂੰ ਛੇ ਵਿਦੇਸ਼ੀ ਪਿਸਤੋਲਾਂ ਸਣੇ ਗ੍ਰਿਫਤਾਰ ਕਰਨ ਦਾ ਦਾਅਵਾ ਕੀਤਾ ਹੈ। ਜਿਨ੍ਹਾਂ ਖਿਲਾਫ਼ ਥਾਣਾ ਵਲਟੋਹਾ ਵਿਖੇ ਅਸਲ੍ਹਾ ਐਕਟ ਦੀਆਂ ਧਾਰਾਵਾਂ ਤਹਿਤ ਕੇਸ ਦਰਜ ਕਰਕੇ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਐੱਸਐੱਸਪੀ ਅਭਿਮਨਿਊ ਰਾਣਾ ਨੇ ਦੱਸਿਆ ਕਿ ਪੁਲਿਸ ਦੇ ਹੱਥ ਸੂਚਨਾ ਲੱਗੀ ਸੀ ਕਿ ਅ੍ਰਸ਼ਦੀਪ ਸਿੰਘ ਅਰਸ਼ ਪੁੱਤਰ ਇਕਬਾਲ ਸਿੰਘ, ਸੂਰਜਪਾਲ ਸਿੰਘ ਸੂਰਜ ਪੁੱਤਰ ਰਘਬੀਰ ਸਿੰਘ ਵਾਸੀ ਲਾਖਣਾ ਅਤੇ ਪਾਰਸਪ੍ਰੀਤ ਸਿੰਘ ਪਾਰਸ ਪੁੱਤਰ ਬਲਜੀਤ ਸਿੰਘ ਵਾਸੀ ਰਾਜੋਕੇ ਦੇ ਪਾਕਿਸਤਾਨੀ ਸਮੱਗਲਰਾਂ ਨਾਲ ਸਬੰਧ ਹਨ ਅਤੇ ਇਹ ਡ੍ਰੋਨ ਦੀ ਮਦਦ ਨਾਲ ਸਰਹੱਦ ਪਾਰੋਂ ਹਥਿਆਰ ਮੰਗਵਾ ਕੇ ਤਰਨਤਾਰਨ ਜ਼ਿਲ੍ਹੇ ਤੋਂ ਇਲਾਵਾ ਹੋਰ ਸ਼ਹਿਰਾਂ ਵਿਚ ਵੀ ਸਪਲਾਈ ਕਰਦੇ ਹਨ। ਉਕਤ ਸੂਚਨਾ ਦੇ ਅਧਾਰ ’ਤੇ ਥਾਣਾ ਵਲਟੋਹਾ ਦੀ ਪੁਲਿਸ ਟੀਮ ਨੇ ਅਰਸ਼ਦੀਪ ਸਿੰਘ ਅਰਸ਼ ਅਤੇ ਸੂਰਜਪਾਲ ਸਿੰਘ ਸੂਰਜ ਨੂੰ ਨਾਕੇਬੰਦੀ ਕਰਕੇ ਗ੍ਰਿਫਤਾਰ ਕਰ ਲਿਆ। ਐੱਸਐੱਸਪੀ ਨੇ ਦੱਸਿਆ ਕਿ ਦੋਵਾਂ ਕੋਲੋਂ ਚਾਰ ਗਲੌਕ 9 ਐੱਮਐੱਮ ਅਤੇ 2 ਪੀਐੱਕਸਐੱਸ 30 ਬੋਰ ਦੇ ਪਿਸਟਲ ਬਰਾਮਦ ਹੋਏ ਹਨ। ਜਦੋਂਕਿ ਚਾਰ 30 ਬੋਰ ਦੇ ਕਾਰਤੂਸ ਵੀ ਉਕਤ ਲੋਕਾਂ ਕੋਲੋਂ ਮਿਲੇ ਹਨ। ਉਨ੍ਹਾਂ ਦੱਸਿਆ ਕਿ ਬਿਨਾ ਨੰਬਰ ਦੇ ਸਪਲੈਂਡਰ ਮੋਟਰਸਾਈਕਲ ਨੂੰ ਵੀ ਕਬਜੇ ਵਿਚ ਲੈ ਲਿਆ ਗਿਆ ਹੈ ਤੇ ਫੜ੍ਹੇ ਗਏ ਮੁਲਜ਼ਮਾਂ ਕੋਲੋਂ ਜਿੱਥੇ ਪੁੱਛਗਿੱਛ ਕੀਤੀ ਜਾ ਰਹੀ ਹੈ। ਉਥੇ ਹੀ ਪਾਰਸਪ੍ਰੀਤ ਸਿੰਘ ਪਾਰਸ ਜੋ ਅਜੇ ਪੁਲਿਸ ਦੀ ਗ੍ਰਿਫਤ ਤੋਂ ਬਾਹਰ ਹੈ, ਨੂੰ ਕਾਬੂ ਕਰਨ ਲਈ ਛਾਪੇਮਾਰੀ ਜਾਰੀ ਹੈ।