
ਬਠਿੰਡਾ (ਰਾਘਵ) : ਜ਼ਿਲ੍ਹੇ ਵਿੱਚ ਇੱਕ ਦਿਲ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ। ਦਰਅਸਲ ਅੱਜ ਸਵੇਰੇ ਤਲਵੰਡੀ ਸਾਬੋ ਵਿੱਚ ਘੋੜਾ ਟਰਾਲਾ ਡਰੇਨ ਵਿੱਚ ਪਲਟ ਗਿਆ। ਇਹ ਹਾਦਸਾ ਤਲਵੰਡੀ ਸਾਬੋ ਦੇ ਪਿੰਡ ਜੀਵਨ ਸਿੰਘ ਵਾਲਾ ਦੇ ਨਾਲੇ 'ਤੇ ਪੁਲ ਕੋਲ ਵਾਪਰਿਆ। ਇਸ ਦੌਰਾਨ ਘੋੜਾ ਟਰਾਲੇ 'ਚ 2 ਲੋਕ ਸਵਾਰ ਸਨ, ਜਿਨ੍ਹਾਂ 'ਚੋਂ ਇਕ ਦੀ ਮੌਕੇ 'ਤੇ ਹੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਸਾਗਰ ਵਜੋਂ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਟਰਾਲਾ ਸੀਮੈਂਟ ਨਾਲ ਭਰਿਆ ਹੋਇਆ ਸੀ। ਹਾਦਸੇ ਦੌਰਾਨ ਘੋੜਾ ਟਰਾਲਾ ਗਰਿੱਲ ਤੋੜਦਾ ਹੋਇਆ ਸਿੱਧਾ ਨਾਲੇ 'ਚ ਜਾ ਡਿੱਗਿਆ।
ਮੌਕੇ 'ਤੇ ਇਸ ਦੀ ਸੂਚਨਾ ਮਿਲਦੇ ਹੀ ਬਚਾਅ ਕਾਰਜ ਸ਼ੁਰੂ ਕੀਤਾ ਗਿਆ ਅਤੇ ਥਾਣਾ ਤਲਵੰਡੀ ਸਾਬੋ ਦੇ ਇੰਚਾਰਜ ਨੂੰ ਜਾਣਕਾਰੀ ਦਿੱਤੀ ਗਈ। ਦੱਸਣਯੋਗ ਹੈ ਕਿ ਇਸ ਨਾਲੇ 'ਤੇ ਕਰੀਬ 6 ਮਹੀਨੇ ਪਹਿਲਾਂ ਵੀ ਵੱਡਾ ਹਾਦਸਾ ਵਾਪਰਿਆ ਸੀ। ਇੱਥੇ ਸਵਾਰੀਆਂ ਨਾਲ ਭਰੀ ਬੱਸ ਨਾਲੇ 'ਚ ਡਿੱਗ ਗਈ ਸੀ, ਜਿਸ 'ਚ 8 ਲੋਕਾਂ ਦੀ ਮੌਤ ਹੋ ਗਈ ਸਈ ਅਤੇ 20-25 ਯਾਤਰੀ ਜ਼ਖਮੀ ਹੋ ਗਏ ਸਨ।