ਪੁਤਿਨ ਦੇ ਕਰੀਬੀ ਦਮਿਤਰੀ ਦੀ ਅਮਰੀਕਾ ਸਣੇ ਪੱਛਮੀ ਦੇਸ਼ਾਂ ਨੂੰ ਚੇਤਾਵਨੀ, ਕਿਹਾ-‘ਦੁਨੀਆ ਦਾ ਅੰਤ ਨੇੜੇ’

by jaskamal

ਨਿਊਜ਼ ਡੈਸਕ : ਰੂਸ-ਯੂਕ੍ਰੇਨ ਜੰਗ ਦੇ 110 ਦਿਨ ਹੋ ਚੁੱਕੇ ਹਨ। ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦਾ ਸੱਜਾ ਹੱਥ ਕਹੇ ਜਾਣ ਵਾਲੇ ਦਮਿੱਤਰੀ ਮੇਦਵੇਦੇਵ ਨੇ ਇਸ ਯੁੱਧ ਦੇ ਵਿਚਕਾਰ ਪੱਛਮੀ ਦੇਸ਼ਾਂ ਨੂੰ ਤਬਾਹੀ ਦੀ ਚੇਤਾਵਨੀ ਦਿੱਤੀ ਹੈ। ਸਾਬਕਾ ਰੂਸੀ ਰਾਸ਼ਟਰਪਤੀ ਮੇਦਵੇਦੇਵ ਨੇ ਕਿਹਾ ਹੈ ਕਿ ਕਿਆਮਤ ਦੇ ਘੋੜੇ ਆਪਣੇ ਰਾਹ 'ਤੇ ਹਨ ਅਤੇ ਅਮਰੀਕਾ ਸਮੇਤ ਪੱਛਮੀ ਦੇਸ਼ਾਂ ਨੂੰ ਯੂਕ੍ਰੇਨ ਨੂੰ ਹਥਿਆਰਾਂ ਦੀ ਸਪਲਾਈ ਨਹੀਂ ਕਰਨੀ ਚਾਹੀਦੀ। ਪੁਤਿਨ ਦੇ ਇਸ਼ਾਰੇ 'ਤੇ ਚੱਲਣ ਵਾਲੇ ਮੇਦਵੇਦੇਵ ਨੇ ਪ੍ਰਮਾਣੂ ਯੁੱਧ ਦੀ ਚੇਤਾਵਨੀ ਵੀ ਦਿੱਤੀ ਸੀ। ਮੇਦਵੇਦੇਵ ਨੂੰ ਪੁਤਿਨ ਨਾਲੋਂ ਜ਼ਿਆਦਾ ਉਦਾਰਵਾਦੀ ਮੰਨਿਆ ਜਾਂਦਾ ਹੈ ਪਰ ਉਹ ਯੂਕ੍ਰੇਨ 'ਤੇ ਵੀ ਬਹੁਤ ਸਖਤ ਰੁਖ਼ ਅਪਣਾ ਰਹੇ ਹਨ।

ਰੂਸ ਦੀ ਰਾਸ਼ਟਰੀ ਸੁਰੱਖਿਆ ਪਰਿਸ਼ਦ ਦੇ ਉਪ ਮੁਖੀ ਮੇਦਵੇਦੇਵ ਨੇ ਪਿਛਲੇ ਹਫਤੇ ਯੂਕ੍ਰੇਨ ਅਤੇ ਉਸਦੇ ਸਹਿਯੋਗੀਆਂ ਨੂੰ ਚੇਤਾਵਨੀ ਦਿੱਤੀ ਸੀ। ਉਹਨਾਂ ਨੇ ਕਿਹਾ ਕਿ ਮੈਨੂੰ ਅਕਸਰ ਪੁੱਛਿਆ ਜਾਂਦਾ ਹੈ ਕਿ ਮੇਰੀਆਂ ਟੈਲੀਗ੍ਰਾਮ ਪੋਸਟਾਂ ਇੰਨੀਆਂ ਬੇਤੁਕੀ ਕਿਉਂ ਹਨ। ਜਵਾਬ ਹੈ ਕਿ ਮੈਂ ਉਨ੍ਹਾਂ ਨੂੰ ਨਫ਼ਰਤ ਕਰਦਾ ਹਾਂ। ਉਹ ਰੂਸ ਦਾ ਅੰਤ ਚਾਹੁੰਦੇ ਹਨ। ਜਦੋਂ ਤੱਕ ਮੈਂ ਜ਼ਿੰਦਾ ਹਾਂ, ਮੈਂ ਉਨ੍ਹਾਂ ਨੂੰ ਖ਼ਤਮ ਕਰਨ ਲਈ ਜੋ ਵੀ ਕਰਨਾ ਚਾਹੀਦਾ ਹੈ ਉਹ ਕਰਾਂਗਾ। ਇਸ ਤੋਂ ਪਹਿਲਾਂ ਮੇਦਵੇਦੇਵ ਨੇ ਚੇਤਾਵਨੀ ਦਿੱਤੀ ਸੀ ਕਿ ਜੇਕਰ ਰੂਸ ਯੂਕ੍ਰੇਨ ਨੂੰ ਭੇਜੀਆਂ ਗਈਆਂ ਪੱਛਮੀ ਮਿਜ਼ਾਈਲਾਂ ਦੇ ਹਮਲੇ ਦਾ ਸ਼ਿਕਾਰ ਬਣਦਾ ਹੈ ਤਾਂ ਉਹ ਆਪਣੀ ਫ਼ੌਜੀ ਕਾਰਵਾਈ ਨੂੰ ਵਧਾਉਣ ਲਈ ਤਿਆਰ ਹੈ।