RBI ਵੱਲੋਂ ਰੈਪੋ ਰੇਟ ‘ਚ 0.40 ਫੀਸਦੀ ਵਾਧਾ, ਹੋਮ-ਆਟੋ ਸਣੇ ਸਾਰੇ ਲੋਨ ਹੋਣਗੇ ਮਹਿੰਗੇ

by jaskamal

ਨਿਊਜ਼ ਡੈਸਕ : ਭਾਰਤੀ ਰਿਜ਼ਰਵ ਬੈਂਕ (RBI) ਨੇ ਮਹਿੰਗਾਈ ਦੇ ਦਬਾਅ ਹੇਠ ਲਗਪਗ ਦੋ ਸਾਲਾਂ ਬਾਅਦ ਰੈਪੋ ਦਰ 'ਚ ਵਾਧਾ ਕੀਤਾ ਹੈ। ਰਿਜ਼ਰਵ ਬੈਂਕ ਦੇ ਗਵਰਨਰ ਸ਼ਕਤੀਕਾਂਤ ਦਾਸ ਨੇ ਬੁੱਧਵਾਰ ਦੁਪਹਿਰ ਨੂੰ ਅਚਾਨਕ ਪ੍ਰੈੱਸ ਕਾਨਫਰੰਸ ਕਰ ਕੇ ਰੈਪੋ ਰੇਟ 'ਚ 0.40 ਫੀਸਦੀ ਵਾਧੇ ਦੀ ਜਾਣਕਾਰੀ ਦਿੱਤੀ। ਗਵਰਨਰ ਦਾਸ ਨੇ ਕਿਹਾ, ਗਲੋਬਲ ਬਾਜ਼ਾਰ 'ਚ ਵਸਤੂਆਂ ਦੀਆਂ ਵਧਦੀਆਂ ਕੀਮਤਾਂ ਤੇ ਪੈਟਰੋਲ ਤੇ ਡੀਜ਼ਲ ਸਮੇਤ ਹੋਰ ਈਂਧਨ ਦੇ ਵਧਦੇ ਦਬਾਅ ਕਾਰਨ ਸਾਨੂੰ ਰੇਪੋ ਰੇਟ 'ਚ ਬਦਲਾਅ ਕਰਨਾ ਪਿਆ ਹੈ। ਹੁਣ ਰੈਪੋ ਦਰ 4 ਫੀਸਦੀ ਦੀ ਬਜਾਏ 4.40 ਫੀਸਦੀ ਹੋਵੇਗੀ।

RBI ਨੇ ਮਈ 2020 ਤੋਂ ਬਾਅਦ ਰੇਪੋ ਰੇਟ 'ਚ ਕੋਈ ਬਦਲਾਅ ਨਹੀਂ ਕੀਤਾ ਹੈ। ਮੰਨਿਆ ਜਾ ਰਿਹਾ ਸੀ ਕਿ ਜੂਨ ਤੋਂ ਰੈਪੋ ਰੇਟ 'ਚ ਵਾਧਾ ਹੋ ਸਕਦਾ ਹੈ ਪਰ ਇਸ ਤੋਂ ਪਹਿਲਾਂ ਹੀ ਗਵਰਨਰ ਨੇ ਅਚਾਨਕ ਦਰਾਂ ਵਧਾ ਕੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ। ਗਵਰਨਰ ਨੇ ਕਿਹਾ ਕਿ ਇਸ ਫੈਸਲੇ ਤੋਂ ਪਹਿਲਾਂ 2 ਤੋਂ 4 ਮਈ ਤੱਕ ਮੁਦਰਾ ਨੀਤੀ ਕਮੇਟੀ ਦੀ ਬੈਠਕ ਹੋਈ ਸੀ ਅਤੇ ਸਾਰੇ ਮੈਂਬਰਾਂ ਨੇ ਰੇਪੋ ਰੇਟ 'ਚ ਵਾਧੇ ਦਾ ਸਮਰਥਨ ਕੀਤਾ ਸੀ। ਰੇਪੋ ਰੇਟ ਉਹ ਦਰ ਹੈ ਜਿਸ 'ਤੇ ਬੈਂਕ ਆਰਬੀਆਈ ਤੋਂ ਕਰਜ਼ਾ ਲੈਂਦੇ ਹਨ।