ਭਾਰਤ ਖ਼ਿਲਾਫ਼ ਪਾਕਿ ਦੀ ਸਾਜ਼ਿਸ਼ ਦਾ ਖ਼ੁਲਾਸਾ, ISI ਨੇ ਬਣਾਏ ਡਰੋਨ ਸੈਂਟਰਸ

by jaskamal

ਨਿਊਜ਼ ਡੈਸਕ : ਪਾਕਿਸਤਾਨ ਦੀ ਭਾਰਤ ਖ਼ਿਲਾਫ਼ ਨਵੀਂ ਸਾਜਿਸ਼ ਦਾ ਖ਼ੁਲਾਸਾ ਹੋਇਆ ਹੈ। ਇਕ ਖ਼ੁਫ਼ੀਆ ਰਿਪੋਰਟ ਮੁਤਾਬਕ ਪਾਕਿਸਤਾਨ ਖ਼ੁਫ਼ੀਆ ਏਜੰਸੀ (ISI) ਭਾਰਤ ’ਚ ਨਸ਼ੇ ਅਤੇ ਹਥਿਆਰਾਂ ਦੀ ਤਸਕਰੀ ਵਧਾਉਣ ਲਈ ਡਰੋਨ ਸੈਂਟਰ ਤਿਆਰ ਕਰ ਰਿਹਾ ਹੈ। ਅੰਕੜੇ ਦੱਸਦੇ ਹਨ ਕਿ ਸਰਹੱਦ ਸੁਰੱਖਿਆ ਬਲ (BSF) ਨੇ ਕਥਿਤ ਤੌਰ ’ਤੇ ਬੀਤੇ ਤਿੰਨ ਸਾਲਾਂ ’ਚ ਪੰਜਾਬ ਦੀ ਸਰਹੱਦ ’ਤੇ 1150 ਕਿਲੋ ਡਰੱਗਜ਼ ਜ਼ਬਤ ਕੀਤੀ ਹੈ। ਇਕ ਮੀਡੀਆ ਰਿਪੋਰਟ ’ਚ ਖ਼ੁਫ਼ੀਆ ਸੂਤਰਾਂ ਦੇ ਹਵਾਲੇ ਤੋਂ ਦੱਸਿਆ ਗਿਆ ਹੈ ਕਿ ਪਾਕਿਸਤਾਨ ਦੀ ਇੰਟਰ ਸਰਵਿਸ ਇੰਟੈਲੀਜੈਂਸ ਭਾਰਤ ’ਚ ਹਥਿਆਰਾਂ ਤੇ ਡਰੱਗਜ਼ ਦੀ ਤਸਕਰੀ ਲਈ ਡਰੋਨ ਸੈਂਟਰ ਤਿਆਰ ਕਰ ਰਹੀ ਹੈ।

ਇੰਨਾ ਹੀ ਨਹੀਂ ਏਜੰਸੀ ਨੇ ਪਾਕਿਸਤਾਨ ਰੇਂਜਰਸ ਨਾਲ ਮਿਲ ਕੇ ਹੁਣ ਤੱਕ 6 ਕੇਂਦਰ ਵੀ ਤਿਆਰ ਕਰ ਲਏ ਹਨ। ਰਿਪੋਰਟ ਮੁਤਾਬਕ ਪੰਜਾਬ ’ਚ ਕੌਂਮਾਂਤਰੀ ਸਰਹੱਦ ਦੇ ਦੂਜੇ ਪਾਸੇ ISI ਨੇ ਡਰੋਨ ਕੇਂਦਰਾਂ ’ਤੇ ਤਸਕਰਾਂ ਅਤੇ ਅੱਤਵਾਦੀਆਂ ਦੀ ਮਦਦ ਨਾਲ ਕੰਮ ਕਰ ਦਿੱਤਾ ਹੈ। ਸੂਤਰਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਖ਼ੁਫ਼ੀਆ ਜਾਣਕਾਰੀ ਮਿਲੀ ਹੈ ਕਿ ਫਿਰੋਜ਼ਪੁਰ ਅਤੇ ਅੰਮ੍ਰਿਤਸਰ ’ਚ ਆਈ. ਬੀ. ’ਤੇ ਪਾਕਿਸਤਾਨ ਸਰਹੱਦ ਚੌਕੀਆਂ ਦੇ ਕੋਲ ਡਰੋਨ ਨਾਲ ਜੁੜੀਆਂ ਗਤੀਵਿਧੀਆਂ ’ਚ ਵਾਧਾ ਹੋਇਆ ਹੈ। ਸੂਤਰਾਂ ਮੁਤਾਬਕ ਪਾਕਿਸਤਾਨ ਹਥਿਆਰਾਂ, ਡਰਗੱਜ਼ ਅਤੇ ਧਮਾਕਿਆਂ ਲਈ ਡਮੀ ਡਰੋਨਜ਼ ਦੀ ਵਰਤੋਂ ਕਰ ਰਿਹਾ ਹੈ। ਖੇਮਕਰਨ ਦੇ ਕੋਲ ਤਸਕਰ ਪਾਕਿਸਤਾਨ ਰੇਂਜਰਸ ਦੀ ਮਦਦ ਨਾਲ ਡਰੋਨ ਉਡਾ ਰਹੇ ਹਨ।