ਹੋਟਲ ‘ਚ ਰੁਕੇ ਤਿੰਨ ਨੌਜਵਾਨਾਂ ਤੋਂ 42 ਲੱਖ ਰੁਪਏ ਦੀ ਲੁੱਟ , ਘਟਨਾ ਹੋਈ CCTV ‘ਚ ਕੈਦ

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਬਠਿੰਡਾ ਸ਼ਹਿਰ ਦੇ ਹਨੂੰਮਾਨ ਚੌਕ ਸਥਿਤ ਹੋਟਲ ਫਾਈਵ ਰਿਵਰ 'ਚ 42 ਲੱਖ ਰੁਪਏ ਦੀ ਲੁੱਟ ਦੀ ਵਾਰਦਾਤ ਵਾਪਰੀ। ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਪਟਿਆਲਾ ਵਾਸੀ ਗੁਰਪ੍ਰੀਤ ਸਿੰਘ, ਫਰੀਦਕੋਟ ਵਾਸੀ ਵਰਿੰਦਰ ਸਿੰਘ ਤੇ ਲੁਧਿਆਣਾ ਵਾਸੀ ਨਿਸ਼ਾਨ ਸਿੰਘ ਨੇ ਦੱਸਿਆ ਕਿ ਉਹ ਹੋਟਲ ਦੇ ਕਮਰੇ ਨੰਬਰ 203 ਅਤੇ 204 ਵਿੱਚ ਠਹਿਰੇ ਹੋਏ ਸਨ। ਉਨ੍ਹਾਂ ਕੋਲ 42 ਲੱਖ ਰੁਪਏ ਸਨ, ਜੋ ਉਸ ਨੇ ਜੈਪੁਰ ਦੇ ਇਕ ਵਿਅਕਤੀ ਨੂੰ ਦੇਣੇ ਸਨ। ਰਾਤ ਨੂੰ ਚਾਰ ਵਿਅਕਤੀ ਆਏ, ਜਿਨ੍ਹਾਂ ਵਿੱਚੋਂ ਦੋ ਨੇ ਪੁਲਿਸ ਦੀ ਵਰਦੀ ਪਾਈ ਹੋਈ ਸੀ। ਉਹ ਉਨ੍ਹਾਂ ਤੋਂ ਪੈਸੇ ਲੈ ਕੇ ਦੋਵਾਂ ਨੂੰ ਆਪਣੇ ਨਾਲ ਲੈ ਗਏ। ਕੁਝ ਦੂਰ ਜਾਣ ਤੋਂ ਬਾਅਦ ਉਹ ਮਲੋਟ ਰੋਡ 'ਤੇ ਕਾਰ ਛੱਡ ਕੇ ਫ਼ਰਾਰ ਹੋ ਗਏ।

ਥਾਣਾ ਸਿਵਲ ਲਾਈਨ ਦੇ ਇੰਚਾਰਜ ਹਰਵਿੰਦਰ ਸਿੰਘ ਸਰਾਂ ਨੇ ਦੱਸਿਆ ਕਿ ਹੋਟਲ ਵਿੱਚ ਪਟਿਆਲਾ ਅਤੇ ਫਰੀਦਕੋਟ ਦੇ ਦੋ ਨੌਜਵਾਨ ਠਹਿਰੇ ਹੋਏ ਸਨ। ਉਨ੍ਹਾਂ ਦੇ ਨਾਲ ਇਕ ਏਜੰਟ ਵੀ ਸੀ। ਉਸ ਨੇ ਜੈਪੁਰ ਦੇ ਇਕ ਨੌਜਵਾਨ ਨੂੰ ਪੈਸੇ ਦੇਣੇ ਸਨ ਜੋ ਕੈਨੇਡਾ ਜਾਣ ਵਾਲਾ ਸੀ। ਉਹ ਪੈਸੇ ਕੈਨੇਡਾ ਵਿੱਚ ਕਿਸੇ ਵਿਅਕਤੀ ਨੂੰ ਸੌਂਪੇ ਜਾਣੇ ਸਨ ਪਰ ਕਿਸੇ ਕਾਰਨ ਇਹ ਨੌਜਵਾਨ ਕੈਨੇਡਾ ਨਹੀਂ ਜਾ ਸਕਿਆ। ਹੋਟਲ 'ਚ ਰੁਕੇ ਜਿਥੇ ਨੌਜਵਾਨਾਂ ਨਾਲ ਇਹ ਘਟਨਾ ਵਾਪਰ ਗਈ।ਪੁਲਿਸ ਨੇ ਮਾਮਲਾ ਦਰਜ ਕਰਕੇ ਅਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।