ਸ਼ਰਮਸਾਰ ਕਰਤੂਤ : ਦਰਿੰਦੇ ਨੇ ਢਾਈ ਸਾਲਾ ਬੱਚੀ ਨਾਲ ਕੀਤੀ ਹੈਵਾਨੀਅਤ

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਲੁਧਿਆਣਾ ਵਿਖੇ ਇਕ ਦਰਿੰਦੇ ਵੱਲੋਂ 6 ਸਾਲ ਦੀ ਵੱਡੀ ਭੈਣ ਨੂੰ ਬਿਸਕੁੱਟ ਲਿਆਉਣ ਲਈ ਭੇਜ ਦਿੱਤਾ ਗਿਆ। ਇਸ ਮਗਰੋਂ ਦਰਿੰਦੇ ਨੇ ਉਸ ਦੀ ਢਾਈ ਸਾਲ ਦੀ ਮਾਸੂਮ ਭੈਣ ਨਾਲ ਜਬਰ-ਜ਼ਨਾਹ ਕੀਤਾ। ਮਾਸੂਮ ਬੱਚੀ ਦੀ ਮਾਂ ਨੇ ਦੱਸਿਆ ਉਹ ਆਪਣੀਆਂ 6 ਸਾਲ, ਢਾਈ ਸਾਲ ਦੀਆਂ ਧੀਆਂ ਅਤੇ 9 ਮਹੀਨੇ ਦੇ ਪੁੱਤਰ ਸਮੇਤ ਕਮਰੇ ’ਚ ਪਈ ਹੋਈ ਸੀ।ਇਸ ਦੌਰਾਨ ਉਸ ਨੇ ਆਪਣੀਆਂ ਦੋਵੇਂ ਧੀਆਂ ਨੂੰ ਛੱਤ ’ਤੇ ਸੁਕਾਉਣ ਲਈ ਪਾਏ ਹੋਏ ਕੱਪੜੇ ਉਤਾਰਨ ਲਈ ਭੇਜ ਦਿੱਤਾ।

ਕੁੱਝ ਸਮੇਂ ਬਾਅਦ ਉਸ ਦੀ ਵੱਡੀ 6 ਸਾਲ ਦੀ ਧੀ ਹੇਠਾਂ ਉੱਤਰ ਰਹੀ ਸੀ ਤਾਂ ਮਾਂ ਨੇ ਉਸ ਨੂੰ ਛੋਟੀ ਧੀ ਬਾਰੇ ਪੁੱਛਿਆ, ਜਿਸ ਨੇ ਕਿਹਾ ਕਿ ਛੋਟੀ ਧੀ ਅੰਕਲ ਕੋਲ ਹੈ ਤੇ ਅੰਕਲ ਨੇ ਉਸ ਨੂੰ ਬਿਸਕੁੱਟ ਲਿਆਉਣ ਲਈ ਭੇਜਿਆ ਹੈ। ਸ਼ੱਕ ਪੈਣ ’ਤੇ ਜਦੋਂ ਮਾਂ ਨੇ ਛੱਤ ’ਤੇ ਜਾ ਕੇ ਦੇਖਿਆ ਤਾਂ ਛੱਤ ’ਤੇ ਬਣੇ ਹੋਏ ਬਾਥਰੂਮ ’ਚੋਂ ਬੱਚੀ ਦੇ ਰੋਣ ਦੀ ਆਵਾਜ਼ ਆ ਰਹੀ ਸੀ। ਮਾਂ ਨੇ ਦਰਵਾਜ਼ਾ ਖੋਲ੍ਹ ਕੇ ਦੇਖਿਆ ਤਾਂ ਉਕਤ ਵਿਹੜੇ ’ਚ ਹੀ ਰਹਿਣ ਵਾਲਾ ਦਰਿੰਦਾ ਅਜੀਤ ਕੁਮਾਰ ਪੁੱਤਰ ਸੁਰਿੰਦਰ ਰਾਮ ਬੱਚੀ ਨਾਲ ਜ਼ਬਰਦਸਤੀ ਕਰ ਰਿਹਾ ਸੀ ਤੇ ਫਰਸ਼ ’ਤੇ ਖੂਨ ਹੀ ਖੂਨ ਸੀ।

ਇਸ ਬਾਰੇ ਪਤਾ ਲੱਗਣ ’ਤੇ ਮੌਕੇ ਤੋਂ ਭੱਜ ਰਹੇ ਦਰਿੰਦੇ ਨੂੰ ਲੋਕਾਂ ਨੇ ਕਾਬੂ ਕਰ ਕੇ ਪੁਲਿਸ ਦੇ ਹਵਾਲੇ ਕਰ ਦਿੱਤਾ। ਪੁਲਿਸ ਨੇਦਰਿੰਦੇ ਖ਼ਿਲਾਫ਼ ਪੋਕਸੋ ਐਕਟ ਅਤੇ ਜਬਰ-ਜ਼ਨਾਹ ਦੇ ਦੋਸ਼ਾਂ ਤਹਿਤ ਕੇਸ ਦਰਜ ਕਰ ਕੇ ਅੱਗੇ ਦੀ ਕਾਰਵਾਈ ਸ਼ੁਰ ਕਰ ਦਿੱਤੀ ਹੈ।