ਮਰਹੂਮ ਗਾਇਕ ਚਮਕੀਲੇ ਦਾ ਪੁੱਤਰ ਕਿਲੋ ਅਫੀਮ ਸਣੇ ਗ੍ਰਿਫਤਾਰ

by jaskamal

ਪਹਿਲੇ ਲਲਕਾਰੇ ਨਾਲ ਮੈਂ ਡਰ ਗਈ ਦੂਜੇ ਲਲਕਾਰੇ ਨਾਲ ਅੰਦਰ ਵੜ ਗਈ ਗਾਣੇ ਨਾਲ ਮਸ਼ਹੂਰ ਹੋਏ ਪੰਜਾਬੀ ਮਰਹੂਮ ਗਾਇਕ ਅਮਰ ਸਿੰਘ ਚਮਕੀਲੇ ਦੇ ਪੁੱਤਰ ਜੈਮਨ ਚਮਕੀਲਾ ਅਤੇ ਉਸਦੇ ਸਾਥੀ ਰਾਜ ਕੁਮਾਰ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ। ਧਾਰੀਵਾਲ ਪੁਲਿਸ ਦੀ ਨਾਕਾਬੰਦੀ ਦੌਰਾਨ ਦੋਵਾਂ ਕੋਲੋਂ ਇੱਕ ਕਿੱਲੋ ਅਫੀਮ ਬਰਾਮਦ ਹੋਈ ਜਿਸਤੋਂ ਬਾਅਦ ਪੁਲਿਸ ਨੇ ਦੋਵਾਂ ਨੂੰ ਮੌਕੇ 'ਤੇ ਹੀ ਦਬੋਚ ਗ੍ਰਿਫਤਾਰ ਕਰ ਲਿਆ। ਦੋਵਾਂ ਉੱਤੇ ਮਾਮਲਾ ਦਰਜ ਕਰ ਅਗਲੀ ਬਣਦੀ ਕਾਰਵਾਈ ਕੀਤੀ ਜਾ ਰਹੀ ਹੈ ਅਤੇ ਇਨ੍ਹਾਂ ਕੋਲੋ ਪੁੱਛਗਿੱਛ ਵੀ ਜਾਰੀ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਧਾਰੀਵਾਲ ਦੇ ਐੱਸਐੱਚਓ ਮਨਜੀਤ ਸਿੰਘ ਨੇ ਦੱਸਿਆ ਕਿ ਪੁਲਿਸ ਪਾਰਟੀ ਅਤੇ ਸੀਆਈਏ ਸਟਾਫ ਵੱਲੋਂ ਖੁੰਡਾ ਮੋੜ 'ਤੇ ਰਾਤ ਨੂੰ ਨਾਕੇਬੰਦੀ ਕੀਤੀ ਗਈ ਸੀ। ਇਸ ਦੌਰਾਨ ਇੱਕ ਸਵਿਫਟ ਕਾਰ ਨੂੰ ਰੋਕ ਕੇ ਜਦ ਤਲਾਸ਼ੀ ਕੀਤੀ ਗਈ ਤਾਂ ਕਾਰ ਵਿਚ ਸਵਾਰ ਮਰਹੂਮ ਗਾਇਕ ਚਮਕੀਲੇ ਦੇ ਪੁੱਤਰ ਜੈਮਨ ਚਮਕੀਲਾ ਅਤੇ ਉਸਦੇ ਸਾਥੀ ਰਾਜ ਕੁਮਾਰ ਕੋਲੋਂ ਕਿੱਲੋ 7 ਗ੍ਰਾਮ ਦੇ ਕਰੀਬ ਅਫੀਮ ਬਰਾਮਦ ਕੀਤੀ ਗਈ ਹੈ। ਥਾਣਾ ਮੁੱਖੀ ਨੇ ਦੱਸਿਆ ਕਿ ਇਨ੍ਹਾਂ ਨੂੰ ਮਾਨਯੋਗ ਅਦਾਲਤ ਵਿਚ ਪੇਸ਼ ਕਰ ਇਨ੍ਹਾਂ ਦਾ ਰਿਮਾਂਡ ਹਾਸਿਲ ਕਰ ਅਗਲੀ ਪੁੱਛਗਿੱਛ ਕੀਤੀ ਜਾਵੇਗੀ।