ਵਾਸ਼ਿੰਗਟਨ (Vikram Sehajpal) : ਮਸ਼ਹੂਰ ਵੀਡੀਓ ਸ਼ੇਅਰਿੰਗ ਐਪ ਟਿਕ-ਟਾਕ ਡਾਟਾ ਚੀਨ ਭੇਜਣ ਦੇ ਸ਼ੱਕ ਦੇ ਘੇਰੇ 'ਚ ਆ ਗਿਆ ਹੈ। ਅਮਰੀਕਾ ਨੇ ਇਸ ਚੀਨੀ ਐਪ ਖ਼ਿਲਾਫ਼ ਜਾਂਚ ਸ਼ੁਰੂ ਕਰ ਦਿੱਤੀ ਹੈ। ਜਾਸੂਸੀ ਦੇ ਸ਼ੱਕ 'ਚ ਟਰੰਪ ਪ੍ਰਸ਼ਾਸਨ ਚੀਨ ਨੂੰ ਟੈਲੀਕਾਮ ਕੰਪਨੀ ਹੁਆਵੇ ਸਮੇਤ ਕਈ ਤਕਨੀਕੀ ਕੰਪਨੀਆਂ 'ਤੇ ਪਹਿਲਾਂ ਹੀ ਰੋਕ ਲਗਾ ਚੁੱਕਿਆ ਹੈ। ਜਾਂਚ ਨਾਲ ਜੁੜੇ ਕਰੀਬੀ ਅਧਿਕਾਰੀਆਂ ਮੁਤਾਬਕ ਅਮਰੀਕਾ 'ਚ ਵਿਦੇਸ਼ ਨਿਵੇਸ਼ 'ਤੇ ਬਣੀ ਕਮੇਟੀ ਇਸ ਮਾਮਲੇ ਦੀ ਸਮੀਖਿਆ ਕਰ ਰਹੀ ਹੈ।
ਇਹ ਸੰਘੀ ਕਮੇਟੀ ਰਾਸ਼ਟਰੀ ਸੁਰੱਖਿਆ ਦੇ ਆਧਾਰ 'ਤੇ ਵਿਦੇਸ਼ੀਆਂ ਵੱਲੋਂ ਅਮਰੀਕੀ ਕੰਪਨੀਆਂ ਦੇ ਰਲੇਵੇਂ ਦੀ ਸਮੀਖਿਆ ਕਰਦੀ ਹੈ। ਇਹ ਖ਼ੁਫ਼ੀਆ ਜਾਂਚ ਸੰਸਦ ਮੈਂਬਰਾਂ ਵੱਲੋਂ ਚਿੰਤਾ ਪ੍ਰਗਟਾਏ ਜਾਣ ਤੋਂ ਬਾਅਦ ਸ਼ੁਰੂ ਹੋਈ ਹੈ। ਕਈ ਸੰਸਦ ਮੈਂਬਰਾਂ ਨੇ ਅਮਰੀਕਾ 'ਚ ਟਿਕ ਟਾਕ ਦੇ ਵਧਦੇ ਅਸਰ ਬਾਰੇ ਚਿੰਤਾ ਪ੍ਰਗਟਾਈ ਸੀ। ਇਕ ਅਧਿਕਾਰੀ ਨੇ ਦੱਸਿਆ ਕਿ ਅਮਰੀਕੀ ਸਰਕਾਰ ਕੋਲ ਐਪ ਵੱਲੋਂ ਡਾਟਾ ਚੀਨ ਭੇਜੇ ਜਾਣ ਦੇ ਸਬੂਤ ਹਨ।
ਇਸ ਜਾਂਚ 'ਤੇ ਚੀਨੀ ਕੰਪਨੀ ਬਾਈਟਡਾਂਸ ਦੇ ਬੁਲਾਰੇ ਨੇ ਇਕ ਈਮੇਲ 'ਚ ਕਿਹਾ ਕਿ ਅਸੀਂ ਰੈਗੂਲੇਟਰੀ ਦੀ ਪ੍ਰਕਿਰਿਆ 'ਤੇ ਕੋਈ ਟਿੱਪਣੀ ਨਹੀਂ ਕਰ ਸਕਦੇ। ਟਿਕ ਟਾਕ ਦਾ ਇਹ ਸਪਸ਼ਟ ਰੁਖ ਹੈ ਕਿ ਅਮਰੀਕਾ 'ਚ ਯੂਜ਼ਰਸ ਤੇ ਰੈਗੂਲੇਟਰੀ 'ਤੇ ਭਰੋਸਾ ਜਿੱਤਣ ਤੋਂ ਬਾਅਦ ਸਾਡੇ ਲਈ ਕੋਈ ਉੱਚ ਪਹਿਲ ਨਹੀਂ ਹੈ। ਟਿਕ-ਟਾਕ ਨੇ ਕਿਸੇ ਯੂਜ਼ਰ ਦਾ ਡਾਟਾ ਚੀਨ ਨਹੀਂ ਭੇਜਿਆ।
ਅਮਰੀਕੀ ਐਪ ਖ਼ਰੀਦ ਕੇ ਬਣਾਇਆ ਸੀ ਟਿਕ-ਟਾਕ ਦਾ ਨਾਂ
ਚੀਨ ਦੀ ਸੱਤ ਸਾਲ ਪੁਰਾਣੀ ਬਾਈਟਡਾਂਸ ਨਾਂ ਦੀ ਕੰਪਨੀ ਨੇ ਨਵੰਬਰ 2017 'ਚ ਕਰੀਬ ਇਕ ਅਰਬ ਡਾਲਰ 'ਚ ਅਮਰੀਕਾ ਦੇ ਮਿਊਜ਼ੀਕਲ ਡਾਟ ਐੱਲਵਾਈ ਐਪ ਲੈ ਲਿਆ ਸੀ। ਉਸ ਵੇਲੇ ਮਿਊਜ਼ੀਕਲ ਡਾਟ ਐਲਵਾਈ ਅਮਰੀਕਾ 'ਚ ਕਾਫ਼ੀ ਮਸ਼ਹੂਰ ਸੀ।
ਅਮਰੀਕਾ ਤੇ ਯੂਰੋਪ 'ਚ ਇਸ ਦੇ ਕਰੀਬ ਛੇ ਕਰੋੜ ਯੂਜ਼ਰ ਸਨ। ਬਾਈਟਡਾਂਸ ਨੇ ਕਿਹਾ ਸੀ ਕਿ ਮਿਊਜ਼ੀਕਲ ਡਾਟ ਐੱਲਵਾਈ ਨੂੰ ਚੀਨੀ ਐਪ ਤੋਂ ਵੱਖ ਰੱਖੇਗੀ। ਪਰ ਇਕ ਸਾਲ ਦੇ ਅੰਦਰ ਦੀ ਇਸ ਦਾ ਇਸੇ ਤਰ੍ਹਾਂ ਦੀ ਦੂਜੀ ਸੇਵਾ 'ਚ ਰਲੇਵਾਂ ਕਰ ਕੇ ਇਸ ਨੂੰ ਟਿਕ ਟਾਕ ਨਾਂ ਦੇ ਦਿੱਤਾ ਗਿਆ।



