ਅਧਿਆਪਕ ਵਲੋਂ ਮੰਦਬੁੱਧੀ ਬੱਚੇ ਨਾਲ ਕੀਤੀ ਗਈ ਕੁੱਟਮਾਰ,ਪਰਿਵਾਰਕ ਮੈਂਬਰਾਂ ਨੇ ਪ੍ਰਸ਼ਾਸਨ ਤੋਂ ਕੀਤੀ ਇਨਸਾਫ਼ ਮੰਗ

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਅੰਮ੍ਰਿਤਸਰ ਦੇ ਇਲਾਕਾ ਰਣਜੀਤ ਐਵਨਿਊ ਦੇ ਮੰਦਬੁੱਧੀ ਬੱਚਿਆਂ ਦੇ ਸਰਕਾਰੀ ਪਹਿਲ ਸਕੂਲ ਕਰਮਪੁਰਾ ਵਿਖੇ ਮੰਦਬੁੱਧੀ ਬੱਚੇ ਨਾਲ ਕੁੱਟਮਾਰ ਦਾ ਮਾਮਲਾ ਸਾਹਮਣੇ ਆਇਆ ਹੈ। ਇਕ ਮੰਦਬੁੱਧੀ ਬੱਚਾ ਜੋ ਕਿ ਸੱਤਵੀਂ ਕਲਾਸ ਵਿੱਚ ਪੜ੍ਹਦਾ ਹੈ ਜਿਸਦਾ ਨਾਮ ਜਤਿਨ ਹੈ। ਉਸਦੇ ਅਧਿਆਪਕ ਜਿਸ ਦਾ ਨਾਂ ਤਰੁਨ ਕੁਮਾਰ ਹੈ, ਨੇ ਮੰਦਬੁੱਧੀ ਬੱਚੇ ਨਾਲ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਹੈ।

ਜਤਿਨ ਦੀ ਮਾਂ ਨੇ ਰੋ ਰੋ ਦੱਸਿਆ ਕਿ ਮੇਰਾ ਬੱਚਾ ਦੋ ਦਿਨ ਹੋ ਗਏ ਹਨ ਨਾ ਰੋਟੀ ਖਾ ਰਿਹਾ ਹੈ ਅਤੇ ਨਾ ਪਾਣੀ ਪੀ ਰਿਹਾ ਹੈ। ਉਹ ਇਸ਼ਾਰਿਆਂ ਨਾਲ ਸਿਰਫ ਇੰਨਾ ਹੀ ਦੱਸਦਾ ਹੈ ਕਿ ਮੇਰੇ ਟੀਚਰ ਨੇ ਮੈਨੂੰ ਲੱਤਾਂ ਮਾਰੀਆਂ ਤੇ ਮੇਰੇ ਨਾਲ ਕੁੱਟਮਾਰ ਕੀਤੀ।

ਅੱਜ ਜਦੋਂ ਪਰਿਵਾਰਕ ਮੈਂਬਰ ਆਪਣੇ ਰਿਸ਼ਤੇਦਾਰਾਂ ਨਾਲ ਸਕੂਲ ’ਚ ਪੁੱਜੇ ਤਾਂ ਸਕੂਲ ਪ੍ਰਸ਼ਾਸਨ ਵੱਲੋਂ ਕਿਹਾ ਗਿਆ ਕਿ ਜਿਸ ਟੀਚਰ ਦਾ ਤੁਸੀਂ ਨਾ ਲੈ ਰਹੇ ਹੋ ਉਹ ਟੀਚਰ ਛੁੱਟੀ ’ਤੇ ਸੀ। ਪਰ ਇਹ ਗੱਲ ਵੀ ਗੌਰ ਕਰਨ ਵਾਲੀ ਹੈ ਜੇਕਰ ਉਹ ਟੀਚਰ ਛੁੱਟੀ ’ਤੇ ਸੀ ਤਾਂ ਉਸ ਮੰਦਬੁੱਧੀ ਬੱਚੇ ਨਾਲ ਕਿਸ ਨੇ ਕੁੱਟਮਾਰ ਕੀਤੀ ? ਇਹ ਵੀ ਸਕੂਲ ਪ੍ਰਸ਼ਾਸਨ ’ਤੇ ਸਵਾਲ ਖੜ੍ਹੇ ਕਰਦਾ ਹੈ। ਜਦੋਂ ਪਰਿਵਾਰਕ ਮੈਂਬਰ ਸਕੂਲ ’ਚ ਹੱਲਾ-ਗੁੱਲਾ ਕਰਨ ਲੱਗੇ ਤਾਂ ਪੁਲਿਸ ਪ੍ਰਸ਼ਾਸਨ ਵੀ ਮੌਕੇ ’ਤੇ ਪੁੱਜਿਆ। ਉਨ੍ਹਾਂ ਪਰਿਵਾਰਕ ਮੈਂਬਰਾਂ ਨੂੰ ਸ਼ਾਂਤ ਕਰ ਥਾਣੇ ਬੁਲਾਇਆ ਤੇ ਸਕੂਲ ਦੇ ਅਧਿਕਾਰੀਆਂ ਨੂੰ ਥਾਣੇ ਬੁਲਾ ਕੇ ਜਾਂਚ ਕਰਨ ਲਈ ਕਿਹਾ ਗਿਆ। ਉਨ੍ਹਾਂ ਕਿਹਾ ਜੋ ਵੀ ਦੋਸ਼ੀ ਹੋਇਆ ਉਸ ਦੇ ਖਿਲਾਫ ਕਾਰਵਾਈ ਕੀਤੀ ਜਾਵੇਗੀ।