ਭਿਆਨਕ ਸੜਕ ਹਾਦਸਾ: ਮਾਂ-ਪੁੱਤਰ ਸਮੇਤ 10 ਮਹੀਨੇ ਦਾ ਬੱਚਾ ਗੰਭੀਰ ਜਖ਼ਮੀ

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਅੱਪਰਾ ਵਿਖੇ ਸਥਾਨਕ ਅੱਪਰਾ ਤੋਂ ਬੰਗਾ ਮੁੱਖ ਮਾਰਗ ’ਤੇ ਨਹਿਰ ਪੁਲ ਤੂਰਾਂ ਦੇ ਨਜ਼ਦੀਕ ਵਾਪਰੇ ਇੱਕ ਸੜਕ ਹਾਦਸੇ 'ਚ ਇੱਕ ਆਲਟੋ ਕਾਰ ਸੜਕ ਕੰਢੇ ਲੱਗੇ ਟਾਹਲੀ ਦੇ ਦਰਖ਼ੱਤ ਨਾਲ ਜਾ ਟਕਰਾਈ, ਜਿਸ ਕਾਰਣ ਆਲਟੋ ਕਾਰ ਚਾਲਕ ਨੌਜਵਾਨ, ਉਸਦੀ ਮਾਂ ਅਤੇ ਇੱਕ 10 ਮਹੀਨੇ ਦਾ ਬੱਚਾ ਗੰਭੀਰ ਜਖ਼ਮੀ ਹੋ ਗਏ।

ਜਾਣਕਾਰੀ ਅਨੁਸਾਰ ਇੱਕ ਆਲਟੋ ਕਾਰ ਚਾਲਕ ਨੌਜਵਾਨ ਅਕਾਸ਼ਦੀਪ ਪੁੱਤਰ ਮੋਹਣ ਮੱਖਣ ਵਾਸੀ ਪਿੰਡ ਪੋਸੀ ਆਪਣੀ ਮਾਤਾ ਨਰਿੰਦਰ ਕੌਰ ਅਤੇ ਨੰਨ੍ਹੇ ਭਤੀਜੇ ਪਰਬ ਦੇ ਨਾਲ ਆਪਣੀ ਆਲਟੋ ਕਾਰ ’ਚ ਸਵਾਰ ਹੋ ਕੇ ਸਵੇਰੇ ਅੱਪਰਾ ਦੇ ਇੱਕ ਡਾਕਟਰ ਤੋਂ ਪਰਬ ਦੀ ਦਵਾਈ ਲੈਣ ਆਏ ਸਨ।

ਜਦੋਂ ਉਹ ਦਵਾਈ ਲੈ ਕੇ ਵਾਪਸ ਪਰਤ ਰਹੇ ਸਨ ਤਾਂ ਨਹਿਰ ਪੁਲ ਤੂਰਾਂ ਦੇ ਨਜ਼ਦੀਕ ਉਨ੍ਹਾਂ ਦੀ ਕਾਰ ਇੱਕ ਐਕਟਿਵਾ ਚਾਲਕ ਨੂੰ ਬਚਾਉਂਦੇ ਹੋਏ ਸੜਕ ਕਿਨਾਰੇ ਲੱਗੇ ਟਾਹਲੀ ਦੇ ਦਰੱਖਤ ਨਾਲ ਜਾ ਟਕਰਾਈ | ਜਿਸ ਕਾਰਣ ਕਾਰ ’ਚ ਸਵਾਰ ਅਕਾਸ਼ਦੀਪ, ਉਸਦੀ ਮਾਂ ਨਰਿੰਦਰ ਕੌਰ ਅਤੇ ਨੰਨ੍ਹਾ ਬੱਚਾ ਪਰਬ ਗੰਭੀਰ ਜਖ਼ਮੀ ਹੋ ਗਏ।

ਹਾਦਸਾ ਏਨਾ ਭਿਆਨਕ ਸੀ ਕਿ ਟਾਹਲੀ ਦੇ ਦਰੱਖਤ ’ਚ ਟਕਰਾਉਣ ਤੋਂ ਬਾਅਦ ਕਾਰ ਦੇ ਪਰਖੱਚੇ ਉੱਡ ਗਏ। ਏ. ਐੱਸ. ਆਈ. ਸੁਖਵਿੰਦਰਪਾਲ ਸਿੰਘ ਸੋਢੀ ਚੌਂਕੀ ਇੰਚਾਰਜ ਅੱਪਰਾ ਨੇ ਦੱਸਿਆ ਕਿ ਸਾਰੇ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ।