
ਖੰਨਾ (ਰਾਘਵ) : ਗੁਰਦੁਆਰਾ ਸਾਹਿਬ ਤੋਂ ਮੱਥਾ ਟੇਕ ਕੇ ਵਾਪਸ ਪਰਤ ਰਹੇ ਪਰਿਵਾਰ ਦੀਆਂ ਖ਼ੁਸ਼ੀਆਂ ਉਸ ਵੇਲੇ ਸੋਗ 'ਚ ਬਦਲ ਗਈਆਂ, ਜਦੋਂ ਉਨ੍ਹਾਂ ਦੀ ਕਾਰ ਸੰਤੁਲਨ ਗੁਆਉਣ ਤੋਂ ਬਾਅਦ ਨਹਿਰ 'ਚ ਜਾ ਡਿੱਗੀ। ਇਸ ਦਰਦਨਾਕ ਹਾਦਸੇ ਦੌਰਾਨ ਪਰਿਵਾਰ ਦੇ 2 ਮੈਂਬਰਾਂ ਦੀ ਮੌਤ ਹੋ ਗਈ ਪਰ 2 ਬੱਚੀਆਂ ਨੂੰ ਰਾਹਗੀਰਾਂ ਦੀ ਦਲੇਰੀ ਕਾਰਨ ਸੁਰੱਖਿਅਤ ਬਚਾ ਲਿਆ ਗਿਆ। ਜਾਣਕਾਰੀ ਮੁਤਾਬਕ ਲੁਧਿਆਣਾ ਦੇ ਜਨਤਾ ਨਗਰ ਦਾ ਰਹਿਣ ਵਾਲਾ ਰੁਪਿੰਦਰ ਸਿੰਘ ਆਪਣੀ ਭਰਜਾਈ ਪਲਵਿੰਦਰ ਕੌਰ ਅਤੇ 2 ਭਤੀਜੀਆਂ ਹਰਲੀਨ ਕੌਰ (10) ਅਤੇ ਹਰਗੁਣ ਕੌਰ (7) ਨਾਲ ਗੁਰਦੁਆਰਾ ਸਾਹਿਬ ਗਿਆ ਹੋਇਆ ਸੀ।
ਵਾਪਸੀ ਦੌਰਾਨ ਦਬੁਰਜੀ ਪਿੰਡ ਨੇੜੇ ਉਨ੍ਹਾਂ ਦੀ ਕਾਰ ਅਚਾਨਕ ਬੇਕਾਬੂ ਹੋ ਗਈ ਅਤੇ ਸਿੱਧੀ ਤੇਜ਼ ਵਹਾਅ ਪਾਣੀ ਵਾਲੀ ਨਹਿਰ 'ਚ ਜਾ ਡਿੱਗੀ। ਕਾਰ ਡਿੱਗਣ ਦੀ ਆਵਾਜ਼ ਸੁਣ ਕੇ ਨੇੜਲੇ ਰਾਹਗੀਰ ਤੁਰੰਤ ਮਦਦ ਲਈ ਦੌੜੇ। ਉਨ੍ਹਾਂ ਨੇ ਪੁਲਸ ਨੂੰ ਸੂਚਿਤ ਕੀਤਾ ਅਤੇ ਆਪਣੀ ਜ਼ਿੰਦਗੀ ਦੀ ਪਰਵਾਹ ਨਾ ਕਰਦੇ ਹੋਏ ਨਹਿਰ 'ਚ ਉਤਰ ਕੇ ਬੱਚੀਆਂ ਨੂੰ ਸੁਰੱਖਿਅਤ ਬਾਹਰ ਕੱਢਿਆ। ਦੋਵੇਂ ਬੱਚੀਆਂ ਰੋ-ਰੋ ਇੱਕੋ ਗੱਲ ਪੁੱਛ ਰਹੀਆਂ ਸਨ ਕਿ ਮੰਮੀ ਕਿੱਥੇ ਨੇ, ਤਾਇਆ ਕਿੱਥੇ ਨੇ?
ਇਹ ਦਰਦ ਭਰੇ ਸ਼ਬਦ ਸੁਣ ਹਰ ਇਕ ਦੀਆਂ ਅੱਖਾਂ 'ਚ ਹੰਝੂ ਆ ਗਏ। ਉੱਥੇ ਮੌਜੂਦ ਲੋਕਾਂ ਦੀ ਮਦਦ ਨਾਲ ਰੁਪਿੰਦਰ ਸਿੰਘ ਦੀ ਲਾਸ਼ ਬਾਹਰ ਕੱਢੀ ਗਈ ਅਤੇ ਪਲਵਿੰਦਰ ਕੌਰ ਨੂੰ ਗੰਭੀਰ ਹਾਲਤ 'ਚ ਹਸਪਤਾਲ ਲਿਜਾਇਆ ਗਿਆ, ਜਿੱਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਇਸ ਬਾਰੇ ਏ. ਐੱਸ. ਆਈ. ਸਤਪਾਲ ਸਿੰਘ ਦਾ ਕਹਿਣਾ ਹੈ ਕਿ ਪੁਲਸ ਨੇ ਮੌਕੇ 'ਤੇ ਪਹੁੰਚ ਕੇ ਰਾਹਤ ਕਰਾਜ ਸ਼ੁਰੂ ਕਰਵਾਏ। ਕਾਰ ਨੂੰ ਲੋਕਾਂ ਦੀ ਮਦਦ ਨਾਲ ਨਹਿਰ 'ਚੋਂ ਬਾਹਰ ਕੱਢਿਆ ਗਿਆ। ਉਨ੍ਹਾਂ ਕਿਹਾ ਕਿ ਇਹ ਹਾਦਸਾ ਕਿਵੇਂ ਹੋਇਆ, ਇਸ ਦੀ ਜਾਂਚ ਜਾਰੀ ਹੈ।