ਪੇਸ਼ਾਵਰ (ਪਾਇਲ): ਪਾਕਿਸਤਾਨ ਦੇ ਬਲੋਚਿਸਤਾਨ ਸੂਬੇ 'ਚ ਸੁਰੱਖਿਆ ਬਲਾਂ ਨੇ ਜਾਫਰ ਐਕਸਪ੍ਰੈੱਸ ਯਾਤਰੀ ਟਰੇਨ 'ਤੇ ਹਮਲੇ ਦੀ ਕੋਸ਼ਿਸ਼ ਨੂੰ ਨਾਕਾਮ ਕਰ ਦਿੱਤਾ। ਜਾਣਕਾਰੀ ਮੁਤਾਬਕ ਸ਼ਨੀਵਾਰ ਨੂੰ ਅਣਪਛਾਤੇ ਅੱਤਵਾਦੀਆਂ ਨੇ ਸੂਬੇ ਦੇ ਨਸੀਰਾਬਾਦ ਇਲਾਕੇ 'ਚ ਪੇਸ਼ਾਵਰ ਜਾਣ ਵਾਲੀ ਟਰੇਨ ਦੇ ਟ੍ਰੈਕ 'ਤੇ ਵਿਸਫੋਟਕ ਲਗਾ ਦਿੱਤਾ ਸੀ। ਇਕ ਪੁਲਿਸ ਅਧਿਕਾਰੀ ਦੇ ਹਵਾਲੇ ਨਾਲ ਰਿਪੋਰਟ 'ਚ ਕਿਹਾ ਗਿਆ ਹੈ ਕਿ ਵਿਸਫੋਟਕ ਲਗਾਏ ਜਾਣ ਦੀ ਸੂਚਨਾ ਮਿਲਣ ਤੋਂ ਬਾਅਦ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਨੇ ਇਲਾਕੇ ਦੀ ਘੇਰਾਬੰਦੀ ਕਰ ਕੇ ਇਸ ਨੂੰ ਨਾਕਾਮ ਕਰ ਦਿੱਤਾ।
ਇੱਕ ਮਹੀਨਾ ਪਹਿਲਾਂ ਵੀ ਇਸੇ ਇਲਾਕੇ ਵਿੱਚ ਧਮਾਕਾ ਹੋਇਆ ਸੀ, ਜਿਸ ਕਾਰਨ ਟਰੇਨ ਦਾ ਬਚਾਅ ਹੋ ਗਿਆ ਸੀ। ਕੁਝ ਮਹੀਨੇ ਪਹਿਲਾਂ ਇਸ ਟਰੇਨ 'ਤੇ ਹੋਏ ਜਾਨਲੇਵਾ ਹਮਲੇ 'ਚ 26 ਲੋਕ ਮਾਰੇ ਗਏ ਸਨ। ਇਸ ਦੌਰਾਨ ਸੁਰੱਖਿਆ ਕਾਰਨਾਂ ਕਰਕੇ ਪੇਸ਼ਾਵਰ ਤੋਂ ਕਵੇਟਾ ਜਾਣ ਵਾਲੀ ਜਾਫਰ ਐਕਸਪ੍ਰੈਸ ਨੂੰ ਜੈਕਬਾਬਾਦ ਵਿਖੇ ਰੋਕ ਦਿੱਤਾ ਗਿਆ। ਉੱਥੇ ਇੱਕ ਹੋਰ ਰੇਲ ਗੱਡੀ ਵੀ ਰੋਕ ਦਿੱਤੀ ਗਈ। ਜਾਣਕਾਰੀ ਮੁਤਾਬਕ ਸਥਿਤੀ ਦਾ ਜਾਇਜ਼ਾ ਲੈਣ ਤੋਂ ਬਾਅਦ ਇਨ੍ਹਾਂ ਟਰੇਨਾਂ ਦੀ ਸੇਵਾ ਮੁੜ ਸ਼ੁਰੂ ਕੀਤੀ ਜਾਵੇਗੀ। ਇਹ ਪਹਿਲੀ ਵਾਰ ਨਹੀਂ ਹੈ ਜਦੋਂ ਅੱਤਵਾਦੀਆਂ ਨੇ ਜਾਫਰ ਐਕਸਪ੍ਰੈਸ 'ਤੇ ਹਮਲਾ ਕੀਤਾ ਹੈ। ਇਸ ਤੋਂ ਪਹਿਲਾਂ ਵੀ ਕਈ ਵਾਰ ਰੇਲ ਸੇਵਾ ਪ੍ਰਭਾਵਿਤ ਹੋ ਚੁੱਕੀ ਹੈ।



