ਯੂਨੀਵਰਸਿਟੀ ਤੋਂ ਲਾਪਤਾ ਹੋਏ ਦੋ ਵਿਦਿਆਰਥੀਆਂ ‘ਚੋਂ ਇਕ ਦੀ ਭਾਖੜਾ ਨਹਿਰ ’ਚੋਂ ਮਿਲੀ ਲਾਸ਼

by jaskamal

ਨਿਊਜ਼ ਡੈਸਕ : ਭਾਦਸੋਂ ਰੋਡ ’ਤੇ ਪੈਂਦੀ ਰਾਜੀਵ ਗਾਂਧੀ ਲਾਅ ਯੂਨੀਵਰਸਿਟੀ 'ਚੋਂ ਚਾਰ ਦਿਨ ਪਹਿਲਾਂ ਦੋ ਵਿਦਿਆਰਥੀ ਲਾਪਤਾ ਹੋ ਗਏ ਸਨ, ਜਿਨ੍ਹਾਂ 'ਚੋਂ ਲੜਕੀ ਦੀ ਲਾਸ਼ ਖਨੌਰੀ ਹੈੱਡ ਤੋਂ ਬਰਾਮਦ ਕਰ ਲਈ ਹੈ। ਲਾਪਤਾ ਵਿਦਿਆਰਥਣ ਸੋਹਿਨੀ ਬੋਸ ਕਲਕੱਤਾ (ਪੱਛਮੀ ਬੰਗਾਲ) ਨਾਲ ਸਬੰਧਤ ਸੀ, ਜਦੋਂਕਿ ਨੌਜਵਾਨ ਸਹਿਜ ਸਿੰਘ ਪਿੰਡ ਮੱਲੋਮਾਜਰਾ ਦਾ ਰਹਿਣ ਵਾਲਾ ਹੈ ਤੇ ਪੀਸੀਐੱਸ ਅਧਿਕਾਰੀ ਦਾ ਪੁੱਤਰ ਹੈ। ਸੂਚਨਾ ਮਿਲਦਿਆਂ ਹੀ ਮੌਕੇ ’ਤੇ ਪੁੱਜੀ ਥਾਣਾ ਪਸਿਆਣਾ ਪੁਲਿਸ ਨੇ ਦੇਹ ਕਬਜ਼ੇ 'ਚ ਲੈ ਕੇ ਸਰਕਾਰੀ ਰਜਿੰਦਰਾ ਹਸਪਤਾਲ 'ਚ ਰੱਖਵਾ ਦਿੱਤੀ ਹੈ, ਜਦੋਂਕਿ ਲਾਪਤਾ ਮੁੰਡੇ ਦੀ ਭਾਲ ਲਈ ਗੋਤਾਖੋਰ ਸਰਗਰਮ ਹਨ। ਜਾਣਕਾਰੀ ਮੁਤਾਬਕ ਦੋਵੇਂ ਵਿਦਿਆਰਥੀ 2 ਮਈ ਤੋਂ ਲਾਪਤਾ ਸਨ।

ਇਨ੍ਹਾਂ ਦੇ ਗੁਮ ਹੋਣ ਦੀ ਸੂਚਨਾ ਥਾਣਾ ਬਖ਼ਸ਼ੀਵਾਲ ਨੂੰ ਕੀਤੀ ਗਈ ਸੀ। ਨੌਜਵਾਨ ਦੀ ਕਾਰ ਪਸਿਆਣਾ ਪੁਲ਼ ਨਜ਼ਦੀਕ ਕੋਲ ਮਿਲਣ ਕਰਕੇ ਕੇਸ ਨੂੰ ਥਾਣਾ ਪਸਿਆਣਾ 'ਚ ਸ਼ਿਫ਼ਟ ਕਰ ਦਿੱਤਾ ਸੀ। ਪੁਲਿਸ ਨੇ ਸਹਿਜ ਸਿੰਘ ਦੇ ਪਿਤਾ ਮਨਜੀਤ ਸਿੰਘ ਦੇ ਬਿਆਨਾਂ ’ਤੇ ਲਾਪਤਾ ਦਾ ਮਾਮਲਾ ਦਰਜ ਕਰ ਲਿਆ ਸੀ। ਉਨ੍ਹਾਂ ਕਿਹਾ ਸੀ ਕਿ ਪੁੱਤਰ ਸਹਿਜ ਸਿੰਘ 30 ਅਪ੍ਰੈਲ ਨੂੰ ਯੂਨੀਵਰਸਿਟੀ 'ਚ ਫ਼ੇਅਰਵੈੱਲ ਪਾਰਟੀ ਹੋਣ ਦੀ ਗੱਲ ਕਹਿ ਕੇ ਘਰੋਂ ਨਿਕਲਿਆ ਸੀ, ਉਹ 2 ਮਈ ਨੂੰ ਘਰ ਵਾਪਸ ਆਉਣ ਦੀ ਗੱਲ ਆਖ ਰਿਹਾ ਸੀ। ਸਹਿਜ ਜਾਂਦੇ ਸਮੇਂ ਇਨੋਵਾ, ਕੱਪੜੇ ਤੇ ਸਮਾਨ ਲੈ ਗਿਆ ਸੀ। ਇਸ ਤੋਂ ਬਾਅਦ ਉਹ ਘਰ ਵਾਪਸ ਨਹੀਂ ਆਇਆ ਸੀ। ਬਾਅਦ ਵਿਚ ਉਸ ਦੀ ਕਾਰ ਸ਼ੱਕੀ ਹਾਲਾਤ ’ਚ ਨਹਿਰ ਕਿਨਾਰੇ ਤੋਂ ਮਿਲੀ ਸੀ, ਉਸੇ ਦਿਨ ਤੋਂ ਗੋਤਾਖੋਰਾਂ ਭਾਲ ਕਰ ਰਹੇ ਸਨ। ਇਸ ਸਬੰਧੀ ਗੋਤਾਖੋਰ ਆਸ਼ੂ ਮਲਿਕ ਨੇ ਦੱਸਿਆ ਕਿ ਸ਼ੁੱਕਰਵਾਰ ਦੀ ਸਵੇਰ ਨੌਜਵਾਨ ਤੇ ਕੁੜੀ ਦੀ ਭਾਲ ਦੌਰਾਨ ਭਾਖੜਾ ਨਹਿਰ 'ਚੋਂ ਟੀਮ ਨੂੰ 8 ਵਜੇ ਦੇ ਕਰੀਬ ਕੁੜੀ ਦੀ ਦੇਹ ਖਨੌਰੀ ਹੈੱਡ ਦੇ ਨਜ਼ਦੀਕ ਤੋਂ ਬਰਾਮਦ ਹੋਈ। ਇਸ ਦੀ ਸੂਚਨਾ ਪੁਲਿਸ ਤੇ ਪਰਿਵਾਰਕ ਮੈਂਬਰਾਂ ਨੂੰ ਦਿੱਤੀ ਗਈ ਹੈ। ਸੂਚਨਾ ਹਾਸਿਲ ਹੋਣ ਤੋਂ ਬਾਅਦ ਮੌਕੇ ’ਤੇ ਪੁੱਜੀ ਪੁਲਿਸ ਟੀਮ ਤੇ ਪਰਿਵਾਰਕ ਮੈਂਬਰਾਂ ਨੇ ਲੜਕੀ ਦੀ ਪਛਾਣ ਕਰ ਲਈ ਹੈ। ਗੋਤਾਖੋਰਾਂ ਵੱਲੋਂ ਲੜਕੇ ਦੀ ਭਾਲ ਜਾਰੀ ਹੈ।