ਫਰੀਦਕੋਟ ਮੈਡੀਕਲ ਕਾਲਜ ਦੇ ਡਾਕਟਰ ਨੇ ਦੂਜੀ ਮੰਜ਼ਿਲ ਤੋਂ ਮਾਰੀ ਛਾਲ

by jaskamal

ਨਿਊਜ਼ ਡੈਸਕ (ਸਿਮਰਨ): ਫਰੀਦਕੋਟ ਦੇ ਮੈਡੀਕਲ ਕਾਲਜ 'ਚ ਇੰਟਰਨਸ਼ਿਪ ਕਰਦੇ ਇੱਕ ਵਿਦਿਆਰਥੀ ਦੇ ਵੱਲੋਂ ਪੀ.ਜੀ ਦੀ ਦੂਜੀ ਮੰਜ਼ਿਲ ਤੋਂ ਛਾਲ ਮਾਰਨ ਦਾ ਮਾਮਲਾ ਸਾਮਣੇ ਆਇਆ ਹੈ। ਜਾਣਕਾਰੀ ਮੁਤਾਬਕ ਆਰਥੋ ਵਾਰਡ 'ਚ ਡਿਊਟੀ ਕਰਦਾ ਸ਼ੇਖਰ ਰਤਨ ਦੀ ਛਾਲ ਮਾਰਨ ਨਾਲ ਦੋਵੇਂ ਲੱਤਾਂ ਦੀਆਂ ਹੱਡੀਆਂ ਟੁੱਟ ਗਈਆਂ ਹਨ। ਜਿਸਨੂੰ ਕਿ ਜ਼ਖਮੀ ਹਾਲਤ ਦੇ ਵਿਚ ਮੈਡੀਕਲ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ।

ਦੱਸਿਆ ਜਾ ਰਿਹਾ ਹੈ ਕਿ ਜ਼ਖਮੀ ਨੌਵਜਾਨ ਸ਼ੇਖਰ ਰਤਨ ਐੱਮਬੀਬੀਐੱਸ ਫਾਈਨਲ ਈਅਰ ਦਾ ਵਿਦਿਆਰਥੀ ਹੈ ਜੋ ਕਿ ਮਹਾਰਾਸ਼ਟਰ ਦੇ ਨਾਸਿਕ ਜ਼ਿਲ੍ਹੇ ਦਾ ਰਹਿਣ ਵਾਲਾ ਹੈ। ਅਤੇ ਉਹ ਹਸਪਤਾਲ ਦੇ ਵਿਚ ਛੇ ਮਹੀਨਿਆਂ ਦੀ ਇੰਟਰਨਸ਼ਿਪ ਕਰ ਰਿਹਾ ਸੀ। ਹਾਲਾਂਕਿ ਉਸ ਵੱਲੋਂ ਛਾਲ ਕਿਉਂ ਮਾਰੀ ਗਈ ਹੈ ਇਸਦੇ ਕਾਰਨਾਂ ਦਾ ਅਜੇ ਕੁਝ ਵੀ ਪਤਾ ਨਹੀਂ ਚੱਲ ਸਕਿਆ।

ਇਹ ਜਾਣਕਾਰੀ ਜ਼ਰੂਰ ਮਿਲੀ ਹੈ ਕਿ ਮੈਡੀਕਲ ਕਾਲਜ ਹਸਪਤਾਲ ਦੇ ਵਿਚ ਡਿਊਟੀਆਂ ਕਰਦੇ ਵਿਦਿਆਰਥੀ ਕਾਫੀ ਦਬਾਅ ਹੇਠ ਹਨ ਜਿਸ ਕਾਰਨ ਉਹਨਾਂ ਵੱਲੋਂ ਕਈ ਵਾਰ ਯੂਨੀਵਰਸਿਟੀ ਦੇ ਹੈਡ ਮਾਸਟਰ ਨੂੰ ਚਿੱਠੀਆਂ ਲਿਖੀਆਂ ਗਈਆਂ ਹਨ ਕਿ ਉਨ੍ਹਾਂ ਦੀ ਡਿਊਟੀਆਂ ਦਾ ਸਮਾਂ ਘਟਾਇਆ ਜਾਵੇ ਤਾ ਜੋ ਉਨ੍ਹਾਂ 'ਤੇ ਪਿਆ ਪਰੈਸ਼ਰ ਥੋੜਾ ਘਟ ਹੋ ਸਕੇ। ਪਰ ਯੂਨੀਵਰਸਿਟੀ ਪ੍ਰਸ਼ਾਸਨ ਦੇ ਵੱਲੋਂ ਉਨ੍ਹਾਂ ਦੀ ਚਿੱਠੀਆਂ 'ਤੇ ਕੋਈ ਧਿਆਨ ਨਹੀਂ ਦਿੱਤਾ ਗਿਆ।

ਇਹ ਖਦਸ਼ਾ ਜਤਾਇਆ ਜਾ ਰਿਹਾ ਹੈ ਕਿ ਸ਼ੇਖਰ ਨੇ ਇਸੇ ਪਰੇਸ਼ਾਨੀ ਦੇ ਚਲਦਿਆਂ ਹੀ ਪੀ.ਜੀ ਦੀ ਦੂਜੀ ਮੰਜ਼ਿਲ ਤੋਂ ਛਾਲ ਮਾਰੀ ਹੈ। ਓਥੇ ਹੀ ਤੁਹਾਨੂੰ ਦੱਸ ਦਈਏ ਕਿ ਉਕਤ ਡਾਕਟਰ ਸ਼ੇਖਰ ਫਰੀਦਕੋਟ ਮੈਡੀਕਲ ਕਾਲਜ ਦੇ ਵਿਚ ਡਾ: ਰਾਜ ਬਹਾਦਰ ਦੇ ਆਰਥੋ ਵਾਰਡ 'ਚ ਰਾਤ ਦੀ ਡਿਊਟੀ ਕਰਦਾ ਸੀ।