ਮੰਦਰ ’ਚ ਮਾਤਾ ਦੀ ਮੂਰਤੀ ਤੋਂ ਸੋਨੇ ਦਾ ਟਿੱਕਾ ਚੋਰੀ ਕਰ ਚੋਰ ਹੋਇਆ ਫਰਾਰ

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਹਿਮਾਚਲ ਦੇ ਊਨਾ ਜ਼ਿਲ੍ਹੇ ਦੇ ਬੰਗਾਨਾ 'ਚ ਪੈਂਦੇ ਜਮਾਸਨੀ ਮਾਤਾ ਮੰਦਰ ’ਚ ਮਾਤਾ ਦੀ ਮੂਰਤੀ ਤੋਂ ਸੋਨੇ ਦਾ ਟਿੱਕਾ ਚੋਰੀ ਹੋ ਗਿਆ। ਚੋਰੀ ਸੀ. ਸੀ. ਟੀ. ਵੀ. ’ਚ ਕੈਦ ਹੋ ਗਈ। ਜਾਣਕਾਰੀ ਮੁਤਾਬਕ ਚੋਰ ਮੰਦਰ ’ਚ ਮੱਥਾ ਟੇਕਣ ਆਇਆ।

ਉਸ ਨੇ ਪਹਿਲਾਂ ਆਪਣੀ ਜੇਬ ’ਚੋਂ ਪਰਸ ਕੱਢਿਆ ਤੇ ਪਰਸ ’ਚੋਂ ਪੈਸੇ ਕੁਝ ਪੈਸੇ ਕੱਢ ਕੇ ਮੰਦਰ ’ਚ ਚੜ੍ਹਾਏ। ਇਸ ਤੋਂ ਬਾਅਦ ਉਸ ਨੇ ਮੰਦਰ ’ਚ ਮਾਤਾ ਦੀ ਮੂਰਤੀ ’ਤੇ ਸਜਾਇਆ ਗਿਆ ਸੋਨੇ ਦਾ ਟਿੱਕਾ ਚੋਰੀ ਕਰ ਲਿਆ। ਇਸ ਤੋਂ ਬਾਅਦ ਉਸ ਨੇ ਮੰਦਰ ’ਚ ਮੱਥਾ ਟੇਕਿਆ ਅਤੇ ਉੱਥੋਂ ਬਾਹਰ ਨਿਕਲ ਗਿਆ।

ਇਸ ਗੱਲ ਦੀ ਭਿਣਕ ਪੁਜਾਰੀਆਂ ਨੂੰ ਉਦੋਂ ਲੱਗੀ ਜਦੋਂ ਮਾਤਾ ਰਾਨੀ ਦਾ ਸ਼ਿੰਗਾਰ ਸ਼ੁਰੂ ਹੋਇਆ। ਉਦੋਂ ਪਤਾ ਲੱਗਾ ਕਿ ਮਾਤਾ ਦਾ ਸੋਨੇ ਦਾ ਟਿੱਕਾ ਗਾਇਬ ਹੈ। ਪੁਜਾਰੀਆਂ ਮੁਤਾਬਕ ਇਸ ਦੀ ਕੀਮਤ ਕਰੀਬ 40 ਹਜ਼ਾਰ ਰੁਪਏ ਹੈ। ਮੰਦਰ ਦੇ ਸੇਵਾਦਾਰ ਤੇ ਕਮੇਟੀ ਨੇ ਸੀ. ਸੀ. ਟੀ. ਵੀ. ਕੈਮਰੇ ਦੀ ਫੁਟੇਜ਼ ਨੂੰ ਖੰਗਾਲਿਆ ਤਾਂ ਚੋਰ ਕੈਮਰੇ ਦੀ ਫੁਟੇਜ਼ ’ਚ ਆਇਆ ਪਰ ਅਜੇ ਤੱਕ ਚੋਰ ਦੀ ਪਛਾਣ ਨਹੀਂ ਹੋਈ ਹੈ। ਪੁਲਿਸ ਨੇ ਮਾਮਲਾ ਦਰਜ ਕਰਕੇ ਅਗੇ ਦੀ ਕਰਵਾਈ ਸ਼ੁਰੂ ਕਰ ਦਿਤੀ ਹੈ।