ਟਿਕੈਤ ਨੇ ਕੀਤਾ ਖਬਰਦਾਰ, ਜੇ ਟੋਲ ਰੇਟ ਵਧਾਏ ਤਾਂ ਮੁੜ ਸੰਘਰਸ਼ ਸ਼ੁਰੂ ਕਰਾਂਗੇ

by jaskamal

ਨਿਊਜ਼ ਡੈਸਕ (ਜਸਕਮਲ) : ਕਿਸਾਨ ਆਗੂ ਰਾਕੇਸ਼ ਟਿਕੈਤ ਨੇ ਟੋਲ ਰੇਟ ਵਧਾਉਣ ਨੂੰ ਲੈ ਕੇ ਚੇਤਾਵਨੀ ਦਿੱਤੀ ਹੈ। ਉਨ੍ਹਾਂ ਕਿਹਾ ਕਿ ਜੇ ਟੋਲ ਪਲਾਜ਼ੇ ਦੇ ਰੇਟ 'ਚ ਵਾਧਾ ਕੀਤਾ ਗਿਆ ਤਾਂ ਉਹ ਮੁੜ ਸੰਘਰਸ਼ ਸ਼ੁਰੂ ਕਰਨਗੇ ਤੇ ਟੋਲ ਪਲਾਜ਼ੇ ਬੰਦ ਕਰਵਾ ਦੇਣਗੇ। ਉਨ੍ਹਾਂ ਕਿਹਾ ਕਿ ਜਦੋਂ ਤਕ ਕਿਸਾਨ ਅੰਦੋਲਨ ਚੱਲਦਾ ਰਿਹਾ ਟੋਲ ਪਲਾਜ਼ੇ ਬੰਦ ਸਨ ਤੇ ਹੁਣ ਉਨ੍ਹਾਂ ਨੂੰ ਮੁੜ ਖੋਲ੍ਹਣ 'ਤੇ ਘਾਟਾ ਪੂਰਾ ਕਰਨ ਲਈ ਉਸ ਦੀਆਂ ਦਰਾਂ 'ਚ ਵਾਧਾ ਕੀਤਾ ਜਾ ਰਿਹਾ ਹੈ।

ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਕੇਂਦਰ ਸਰਕਾਰ ਕਣਕ ਤੇ ਝੋਨੇ ਦਾ ਭਾਅ ਸਿਰਫ ਦੋ-ਢਾਈ ਫੀਸਦ ਵਧਾਉਂਦੀ ਹੈ, ਉਸੇ ਤਰਜ਼ ’ਤੇ ਹੀ ਟੋਲ ਪਲਾਜ਼ਿਆਂ ਦੀਆਂ ਦਰਾਂ ਵਧਾਈਆਂ ਜਾਣ। ਕਿਸਾਨਾਂ ਨੂੰ ਬਦਨਾਮ ਕਰਨ ਜਾਂ ਉਨ੍ਹਾਂ ਨਾਲ ਖੁੰਦਕ ਕੱਢਣ ਦੀ ਆੜ ਹੇਠ ਜੇ ਟੋਲ ਪਲਾਜ਼ਿਆਂ ਦੀਆਂ ਦਰਾਂ ਵਧਾਈਆਂ ਗਈਆਂ ਤਾਂ ਉਹ ਸੰਘਰਸ਼ ਵਿੱਢਣ ਤੋਂ ਪਿੱਛੇ ਨਹੀਂ ਹਟਣਗੇ।