ਕਿਸਾਨਾਂ ਦੀ ਕੇਂਦਰ ਨੂੰ ਦੋ ਟੁਕ; ਐੱਮਐੱਸਪੀ ‘ਤੇ ਸਥਿਤੀ ਸਪਸ਼ਟ ਹੋਣ ਤੇ ਕਿਸਾਨਾਂ ਖ਼ਿਲਾਫ਼ ਕੇਸ ਰੱਦ ਹੋਣ ਤਕ ਮੋਰਚੇ ਨਹੀਂ ਹਟਾਵਾਂਗੇ

by jaskamal

ਨਿਊਜ਼ ਡੈਸਕ (ਜਸਕਮਲ) : ਸੰਯੁਕਤ ਕਿਸਾਨ ਮੋਰਚੇ ਨੇ ਕਿਸਾਨ ਅੰਦੋਲਨ ਨੂੰ ਖਤਮ ਕਰਨ ਤੇ ਕਿਸਾਨੀ ਮੰਗਾਂ ਬਾਰੇ ਕੇਂਦਰੀ ਗ੍ਰਹਿ ਮੰਤਰਾਲੇ ਵੱਲੋਂ ਭੇਜੀ ਗਈ ਤਜਵੀਜ਼ ਦੇ ਕਈ ਨੁਕਤਿਆਂ ’ਤੇ ਇਤਰਾਜ਼ ਤੇ ਖ਼ਦਸ਼ੇ ਜ਼ਾਹਿਰ ਕਰਦਿਆਂ ਅੱਜ ਕੇਂਦਰ ਸਰਕਾਰ ਨੂੰ ਪੱਤਰ ਲਿਖ ਕੇ ਸਪਸ਼ਟੀਕਰਨ ਮੰਗਿਆ ਹੈ। ਮੋਰਚੇ ਨੇ ਦੋ ਟੁਕ ਸ਼ਬਦਾਂ 'ਚ ਸਾਫ਼ ਕਿਹਾ ਕਿ ਐੱਮਐੱਸਪੀ ਕਮੇਟੀ ਦੀ ਬਣਤਰ ਬਾਰੇ ਸਥਿਤੀ ਸਪਸ਼ਟ ਹੋਣ ਤੇ ਕਿਸਾਨਾਂ ਖ਼ਿਲਾਫ਼ ਦਰਜ ਕੇਸ ਵਾਪਸ ਲਏ ਜਾਣ ਤੱਕ ਮੋਰਚੇ ਨਹੀਂ ਹਟਾਏ ਜਾਣਗੇ। ਮੋਰਚੇ ਨੇ ਬੁੱਧਵਾਰ ਨੂੰ ਬਾਅਦ ਦੁਪਹਿਰ ਦੋ ਵਜੇ ਮੁੜ ਮੀਟਿੰਗ ਸੱਦੀ ਹੈ। ਮੋਰਚੇ ਨੇ ਪਹਿਲਾਂ ਮੋਰਚੇ ਹਟਾਉਣ ਤੇ ਫਿਰ ਕੇਸ ਵਾਪਸ ਲੈਣ ਦੀ ਕੇਂਦਰ ਸਰਕਾਰ ਦੀ ਸ਼ਰਤ ਰੱਦ ਕਰ ਦਿੱਤੀ ਹੈ। ਮੀਟਿੰਗ ਮਗਰੋਂ ਕੀਤੀ ਪ੍ਰੈੱਸ ਕਾਨਫਰੰਸ ਦੌਰਾਨ ਕਿਸਾਨ ਆਗੂ ਬਲਬੀਰ ਸਿੰਘ ਰਾਜੇਵਾਲ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਤਜਵੀਜ਼ ਭੇਜੀ ਹੈ, ਜਿਸ ਬਾਰੇ ਮੰਥਨ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਭੇਜੇ ਖਰੜੇ ’ਚ ਕਿਹਾ ਗਿਆ ਹੈ ਕਿ ਫ਼ਸਲਾਂ ਦੀ ਐੱਮਐੱਸਪੀ ’ਤੇ ਖਰੀਦ ਦੀ ਕਾਨੂੰਨੀ ਗਾਰੰਟੀ ਦੀ ਮੰਗ ਬਾਰੇ ਵਿਚਾਰ ਕਰਨ ਲਈ ਇਕ ਕਮੇਟੀ ਬਣਾਈ ਜਾਵੇਗੀ, ਜਿਸ 'ਚ ਮੋਰਚੇ ਦੇ ਨੁਮਾਇੰਦਿਆਂ ਤੋਂ ਇਲਾਵਾ, ਬਾਹਰ ਦੀਆਂ ਕਿਸਾਨ ਜਥੇਬੰਦੀਆਂ, ਸਰਕਾਰੀ ਅਧਿਕਾਰੀ ਤੇ ਸੂਬਿਆਂ ਦੇ ਨੁਮਾਇੰਦੇ ਸ਼ਾਮਲ ਹੋਣਗੇ। ਉਨ੍ਹਾਂ ਹੋਰ ਜਥੇਬੰਦੀਆਂ ਦੇ ਨੁਮਾਇੰਦੇ ਸ਼ਾਮਲ ਕਰਨ ’ਤੇ ਇਤਰਾਜ਼ ਪ੍ਰਗਟਾਇਆ ਕਿ ਮੋਰਚਾ ਨਹੀਂ ਚਾਹੁੰਦਾ ਕਿ ਉਹ ਯੂਨੀਅਨਾਂ, ਜੋ ਸ਼ੁਰੂਆਤ ਤੋਂ ਕਿਸਾਨੀ ਘੋਲ ਦੀਆਂ ਮੰਗਾਂ ਦਾ ਵਿਰੋਧ ਕਰ ਰਹੀਆਂ ਹਨ, ਉਹ ਐੱਮਐੱਸਪੀ ਬਾਰੇ ਤਜਵੀਜ਼ਤ ਕਮੇਟੀ ਦਾ ਹਿੱਸਾ ਹੋਣ।

ਕਿਸਾਨ ਆਗੂ ਯੁੱਧਵੀਰ ਸਿੰਘ ਨੇ ਕਿਹਾ ਕਿ ਮੋਰਚੇ ਦੀ ਬੈਠਕ ਦੌਰਾਨ ਕਿਸਾਨ ਆਗੂਆਂ ਵੱਲੋਂ ਦਿੱਤੇ ਸੁਝਾਅ/ਇਤਰਾਜ਼ ਸਰਕਾਰ ਨੂੰ ਭੇਜ ਦਿੱਤੇ ਗਏ ਹਨ। ਸਰਕਾਰ ਦੇ ਪ੍ਰਤੀਕਰਮ ਨੂੰ ਲੈ ਕੇ ਭਲਕੇ ਬਾਅਦ ਦੁਪਹਿਰ 2 ਵਜੇ ਸਿੰਘੂ ਵਿਖੇ ਚਰਚਾ ਕੀਤੀ ਜਾਵੇਗੀ। ਕਿਸਾਨ ਆਗੂ ਅਸ਼ੋਕ ਧਾਵਲੇ ਨੇ ਕਿਹਾ ਕਿ ਪਿਛਲੇ ਇਕ ਸਾਲ ਤੋਂ ਐਸਐੱਸਪੀ ਦੀ ਮੰਗ ਨੂੰ ਲੈ ਕੇ ਅੰਦੋਲਨ ਮੋਰਚੇ ਨੇ ਲੜਿਆ, ਲਿਹਾਜ਼ਾ ਇਸ ਤਜਵੀਜ਼ ਕਮੇਟੀ 'ਚ ਸਰਕਾਰ ਪੱਖੀ ਨੁਮਾਇੰਦਿਆਂ ਨੂੰ ਹਰਗਿਜ਼ ਸ਼ਾਮਲ ਨਾ ਕੀਤਾ ਜਾਵੇ।

ਕਿਸਾਨ ਆਗੂਆਂ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਮੋਰਚੇ ਨਾਲ ਗੱਲਬਾਤ ਦੌਰਾਨ ਬਿਜਲੀ ਬਿੱਲ ਨਾ ਪੇਸ਼ ਕਰਨ ਦਾ ਵਾਅਦਾ ਕੀਤਾ ਸੀ, ਪਰ ਹੁਣ ਸਬੰਧਤ ਬਿੱਲ ਸੰਸਦ ਵਿੱਚ ਪੇਸ਼ ਕਰਨ ਲਈ ਸੂਚੀਬੱਧ ਹੈ। ਮੋਰਚੇ ਨੇ ਮੰਗ ਕੀਤੀ ਕਿ ਇਹ ਬਿੱਲ ਸੰਸਦ 'ਚ ਪੇਸ਼ ਨਾ ਹੋਵੇ ਕਿਉਂਕਿ ਇਸ ਨਾਲ ਬਿਜਲੀ ਦਾ ਨਿੱਜੀਕਰਨ ਹੋਵੇਗਾ ਤੇ ਕਿਸਾਨਾਂ ਸਮੇਤ ਹੋਰਨਾਂ ਨੂੰ ਵੱਡਾ ਨੁਕਸਾਨ ਝੱਲਣਾ ਪਏਗਾ। ਧਾਵਲੇ ਨੇ ਕਿਹਾ ਕਿ ਪਰਾਲੀ ਬਿੱਲ ਬਾਰੇ ਕਈ ਮੱਦਾਂ ਹਟਾਈਆਂ, ਪਰ ਇੱਕ ਮੱਦ 15 ਪਾ ਦਿੱਤੀ ਜਿਸ ਨੂੰ ਹਟਾਇਆ ਜਾਵੇ।

ਕਿਸਾਨ ਆਗੂ ਗੁਰਨਾਮ ਸਿੰਘ ਚੜੂਨੀ ਨੇ ਕਿਹਾ ਕਿ ਮੋਰਚੇ ਦੀ ਬੈਠਕ ਦੌਰਾਨ ਸਰਕਾਰ ਵੱਲੋਂ ਭੇਜੇ ਖਰੜੇ 'ਚ 3 ਮੱਦਾਂ ਉਪਰ ਇਤਰਾਜ਼ ਆਏ ਹਨ, ਜੋ ਕੇਂਦਰ ਨੂੰ ਭੇਜ ਦਿੱਤੇ ਗਏ ਹਨ। ਉਨ੍ਹਾਂ ਕਿਹਾ ਕਿ ਮੈਂਬਰਾਂ ਨੇ ਸਰਕਾਰ ਦੇ ਮੁੱਕਰਨ ਬਾਰੇ ਖ਼ਦਸ਼ਾ ਜ਼ਾਹਿਰ ਕੀਤਾ ਹੈ। ਪੰਜਾਬ ਦੀ ਤਰਜ਼ ’ਤੇ ਮੁਆਵਜ਼ਾ ਐਲਾਨੇ ਜਾਣ ਨਾਲ ਹੀ ਇਹ ਮੁੱਦਾ ਸੁਲਝ ਸਕਦਾ ਹੈ।

ਮੋਰਚਾ ਨਹੀਂ ਹਟ ਰਿਹਾ ਤੇ ਕਿਸਾਨ ਡਟੇ ਹੋਏ ਹਨ : ਟਿਕੈਤ

ਭਾਰਤੀ ਕਿਸਾਨ ਯੂਨੀਅਨ ਦੇ ਬੁਲਾਰੇ ਰਾਕੇਸ਼ ਟਿਕੈਤ ਨੇ ਕਿਹਾ ਕਿ ਕਿਸਾਨਾਂ ਵੱਲੋਂ ਦਿੱਲੀ ਦੀਆਂ ਬਰੂਹਾਂ ’ਤੇ ਲਾਇਆ ਮੋਰਚਾ ਅਜੇ ਨਹੀਂ ਹਟ ਰਿਹਾ ਤੇ ਕਿਸਾਨ ਆਪੋ-ਆਪਣੀਆਂ ਥਾਵਾਂ ’ਤੇ ਡਟੇ ਹੋਏ ਹਨ। ਟਿਕੈਤ ਨੇ ਕਿਹਾ ਕਿ ਸਰਕਾਰ ਵੱਲੋਂ ਅੱਜ ਭੇਜੇ ਖਰੜੇ/ਤਜਵੀਜ਼ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਉਹ ਸੰਯੁਕਤ ਕਿਸਾਨ ਮੋਰਚੇ ਦੀਆਂ ਮੰਗਾਂ ਮੰਨਣ ਲਈ ਤਿਆਰ ਹੈ, ਪਰ ਕਿਸਾਨ ਪਹਿਲਾਂ ਅੰਦੋਲਨ ਖ਼ਤਮ ਕਰਨ। ਟਿਕੈਤ ਨੇ ਕਿਹਾ ਕਿ ਖਰੜੇ ਵਿੱਚ ਕੁਝ ਮੰਗਾਂ ਨੂੰ ਲੈ ਕੇ ਗੱਲਾਂ ਸਾਫ਼ ਨਹੀਂ ਹਨ, ਇਨ੍ਹਾਂ ਬਾਰੇ ਤੇ ਕੇਂਦਰ ਦੇ ਰੁਖ਼ ਬਾਰੇ ਭਲਕੇ 8 ਦਸੰਬਰ ਨੂੰ ਮੁੜ ਚਰਚਾ ਹੋਵੇਗੀ।