ਯੂਕ੍ਰੇਨ ਦੇ ਹੈਲੀਕਾਪਟਰਾਂ ਨੇ ਰੂਸ ‘ਤੇ ਹਵਾਈ ਹਮਲਾ ਕਰ ਉਡਾਇਆ ਤੇਲ ਦਾ ਡਿਪੂ

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਰੂਸ ਅਤੇ ਯੂਕ੍ਰੇਨ ਵਿਚਾਲੇ ਜੰਗ 37ਵੇਂ ਦਿਨ ਵੀ ਜਾਰੀ ਹੈ। ਰੂਸ ਨੇ ਦੋਸ਼ ਲਾਇਆ ਹੈ ਕਿ ਯੂਕ੍ਰੇਨ ਦੇ ਹੈਲੀਕਾਪਟਰਾਂ ਨੇ ਉਸ ਦੀ ਸਰਹੱਦ ਵਿੱਚ ਦਾਖ਼ਲ ਹੋ ਕੇ ਹਮਲਾ ਕੀਤਾ ਹੈ। ਰੂਸ ਦੇ ਪੱਛਮੀ ਸ਼ਹਿਰ ਬੇਲਗੋਰੋਡ ਦੇ ਗਵਰਨਰ ਦਾ ਕਹਿਣਾ ਹੈ ਕਿ ਯੂਕ੍ਰੇਨ ਦੇ 2 ਹੈਲੀਕਾਪਟਰਾਂ ਨੇ ਉਹਨਾਂ ਦੇ ਇੱਥੇ ਤੇਲ ਡਿਪੂ 'ਤੇ ਏਅਰਸਟ੍ਰਾਈਕ ਕੀਤੀ। ਯੂਕ੍ਰੇਨ ਦੇ ਪ੍ਰੌਸੀਕਿਊਟਰ ਜਨਰਲ ਦਫਤਰ ਮੁਤਾਬਕ ਰੂਸੀ ਹਮਲੇ 'ਚ ਹੁਣ ਤੱਕ 153 ਬੱਚਿਆਂ ਦੀ ਮੌਤ ਹੋ ਚੁੱਕੀ ਹੈ, ਜਦਕਿ 245 ਤੋਂ ਵੱਧ ਬੱਚੇ ਜ਼ਖਮੀ ਹੋਏ ਹਨ।

ਇਸ ਹਮਲੇ 'ਚ ਰੂਸ ਦੇ ਸ਼ਹਿਰ ਬੇਲਗੋਰੋਡ 'ਚ ਇਕ ਤੇਲ ਪਲਾਂਟ ਤਬਾਹ ਹੋ ਗਿਆ। ਰੂਸ 'ਚ ਯੂਕ੍ਰੇਨੀ ਹੈਲੀਕਾਪਟਰ ਨੇ ਇਹ ਹਮਲਾ ਰੂਸੀ ਸਰਹੱਦ 'ਚ 40 ਕਿਲੋਮੀਟਰ ਅੰਦਰ ਦਾਖਲ ਹੋ ਕੀਤਾ। ਯੂਕ੍ਰੇਨ ਦੇ ਤਾਜ਼ਾ ਹਮਲੇ ਨਾਲ ਦੋਹਾਂ ਦੇਸ਼ਾਂ ਵਿਚਾਲੇ ਸ਼ਾਂਤੀ ਦੀਆਂ ਉਮੀਦਾਂ ਨੂੰ ਵੱਡਾ ਝਟਕਾ ਲੱਗਣ ਦੀ ਸੰਭਾਵਨਾ ਹੈ।

ਰੂਸੀ ਸ਼ਹਿਰ ਬੇਲਗੋਰੋਡ ਦੇ ਗਵਰਨਰ ਵਿਆਚੇਸਲਾਵ ਗਲੇਡਕੋਵ ਨੇ ਕਿਹਾ ਕਿ ਯੂਕ੍ਰੇਨ ਦੇ ਦੋ ਫੌ਼ਜੀ ਹੈਲੀਕਾਪਟਰਾਂ ਨੇ ਘੱਟ ਉਚਾਈ 'ਤੇ ਸਰਹੱਦ ਪਾਰ ਕਰਨ ਤੋਂ ਬਾਅਦ ਐੱਸ-8 ਰਾਕੇਟ ਹਮਲਾ ਕੀਤਾ। ਇਸ ਹਮਲੇ ਵਿੱਚ ਬੇਲਗੋਰੋਡ ਦੀ ਬਾਲਣ ਸਟੋਰੇਜ ਸਹੂਲਤ ਪੂਰੀ ਤਰ੍ਹਾਂ ਤਬਾਹ ਹੋ ਗਈ। ਗਵਰਨਰ ਨੇ ਦੱਸਿਆ ਕਿ ਹਮਲੇ ਕਾਰਨ ਲੱਗੀ ਅੱਗ 'ਚ ਦੋ ਕਰਮਚਾਰੀ ਜ਼ਖਮੀ ਹੋ ਗਏ। ਇਸ ਅੱਗ ਕਾਰਨ ਆਸਪਾਸ ਦੇ ਇਲਾਕੇ ਨੂੰ ਵੀ ਖਾਲੀ ਕਰਵਾ ਲਿਆ ਗਿਆ ਹੈ।