ਪ੍ਰੇਮ ਸਬੰਧਾਂ ‘ਚ ਪਈ ਖੱਟਾਸ ਮਗਰੋਂ ਵਕੀਲ ਦੇ ਘਰ ਅਣਪਛਾਤੇ ਵਿਅਕਤੀਆਂ ਨੇ ਚਲਾਈਆਂ ਗੋਲੀਆਂ

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਜ਼ੀਰਕਪੁਰ ਦੇ ਹਰਮਿਲਾਪ ਨਗਰ ਵਿਚ ਇਕ ਵਕੀਲ ਦੇ ਘਰ ’ਤੇ ਅਣਪਛਾਤੇ ਵਿਅਕਤੀਆਂ ਨੇ ਅੰਨ੍ਹੇਵਾਹ ਗੋਲੀਆਂ ਚਲਾਈਆਂ। ਜਾਣਕਾਰੀ ਮੁਤਾਬਕ ਬਲਟਾਣਾ ਦੇ ਪੀੜਤ ਵਕੀਲ ਅਦਿੱਤਿਆ ਬਧਵਾਰ ਪੁੱਤਰ ਸੰਜੇ ਬਧਵਾਰ ਵਾਸੀ ਬਲਟਾਣਾ ਨੇ ਥਾਣਾ ਜ਼ੀਰਕਪੁਰ ਵਿਖੇ ਬਿਆਨ ਦਰਜ ਕਰਵਾਏ ਹਨ ਕਿ ਉਹ ਜ਼ਿਲ੍ਹਾ ਅਦਾਲਤ ਪੰਚਕੂਲਾ ਅਤੇ ਚੰਡੀਗੜ੍ਹ ਵਿਖੇ ਵਕਾਲਤ ਕਰਦਾ ਹੈ। ਉਸ ਨੇ ਦੱਸਿਆ ਕਿ ਉਹ ਅਤੇ ਸ਼ਿਵਾਨੀ ਦਿਵੇਦੀ ਪੁੱਤਰੀ ਰਵੀ ਦਿਵੇਦੀ ਵਾਸੀ ਪੰਚਕੂਲਾ ਬਚਪਨ ਤੋਂ ਇਕੱਠੇ ਪੜ੍ਹਦੇ ਸੀ।

ਉਹ 2009 ਵਿਚ ਹਰਮਿਲਾਪ ਨਗਰ, ਬਲਟਾਣਾ ਨਗਰ ਵਿਖੇ ਮਕਾਨ ਬਣਾ ਕੇ ਰਹਿਣ ਲੱਗ ਪਿਆ, ਜਿੱਥੇ ਉਸ ਦੀਆਂ ਸ਼ਿਵਾਨੀ ਨਾਲ ਨਜ਼ਦੀਕੀਆਂ ਵੱਧ ਗਈਆਂ। ਇਸ ਕਾਰਨ ਦੋਹਾਂ ਦਾ ਰਿਸ਼ਤਾ ਤੈਅ ਹੋ ਗਿਆ। ਅਗਲੇ ਹੀ ਦਿਨ ਸ਼ਿਵਾਨੀ ਉਸ ਦੇ ਘਰ ਆਈ ਅਤੇ ਕਹਿਣ ਲੱਗੀ ਕਿ ਉਸ ਦੇ ਮਾਮੇ ਦੀ ਕੁੜੀ ਦੀ ਮੰਗਣੀ ਹੈ, ਜਿਸ ਕਾਰਨ ਵਕੀਲ ਮੁੰਡੇ ਨੇ ਸੋਨੇ ਦੇ ਗਹਿਣੇ ਸ਼ਿਵਾਨੀ ਨੂੰ ਦੇ ਦਿੱਤੇ। ਫਿਰ ਸ਼ਿਵਾਨੀ ਦਾ ਫੋਨ ਆਇਆ ਕਿ ਉਸ ਦੇ ਮਾਤਾ-ਪਿਤਾ ਉਸ ਦਾ ਜ਼ਬਰਦਸਤੀ ਰਿਸ਼ਤਾ ਕਰ ਰਹੇ ਹਨ। ਇਹ ਰਿਸ਼ਤਾ ਉਸ ਨੂੰ ਪਸੰਦ ਨਹੀਂ ਹੈ। ਉਹ ਉਸ ਨੂੰ ਆ ਕੇ ਲੈ ਜਾਵੇ। ਇਸ ਤੋਂ ਬਾਅਦ ਵਕੀਲ ਉਸਦੇ ਘਰ ਕਾਲਕਾ ਵਿਖੇ ਚਲਾ ਗਿਆ, ਜਿੱਥੇ ਸ਼ਿਵਾਨੀ ਦੇ ਪਰਿਵਾਰਕ ਮੈਂਬਰਾਂ ਨਾਲ ਉਸ ਦੀ ਬਹਿਸ ਹੋ ਗਈ।

ਇਸ ਮਗਰੋਂ ਥਾਣਾ ਬਲਟਾਣਾ ਵਿਖੇ ਆਪਸ ਵਿਚ ਇਕ-ਦੂਜੇ ਖ਼ਿਲਾਫ਼ ਦਰਖ਼ਾਸਤਾਂ ਦਿੱਤੀਆਂ ਗਈਆਂ, ਜਿਸ ਤੋਂ ਬਾਅਦ ਸ਼ਿਵਾਨੀ ਦੇ ਪਰਿਵਾਰ ਵੱਲੋਂ ਧਮਕੀ ਭਰੇ ਫੋਨ ਆਉਣੇ ਸ਼ੁਰੂ ਹੋ ਗਏ। ਵਕੀਲ ਅਦਿੱਤਿਆ ਨੇ ਕਿਹਾ ਕਿ ਮੈਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਗਈਆਂ, ਜਿਸ ਸਬੰਧੀ ਮੈਂ ਪੁਲਸ ਚੌਂਕੀ ਬਲਟਾਣਾ ਵਿਖੇ ਇਤਲਾਹ ਦਿੱਤੀ ਸੀ, ਜਿਸ ’ਤੇ ਪੁਲਸ ਨੇ ਕੋਈ ਅਮਲ ਨਹੀਂ ਕੀਤਾ। ਉਸ ਨੇ ਕਿਹਾ ਕਿ ਹੁਣ ਮੇਰੇ ਘਰ ਦੇ ਬਾਹਰ ਕੁੱਝ ਵਿਅਕਤੀਆਂ ਨੇ ਮੇਰਾ ਨਾਂ ਲੈ ਕੇ ਲਲਕਾਰੇ ਮਾਰੇ।

ਮੈਂ ਆਪਣੇ ਘਰ ਦੇ ਮੇਨ ਦਰਵਾਜੇ ਦੇ ਸ਼ੀਸ਼ੇ ਵਿਚੋਂ ਬਾਹਰ ਦੇਖਣ ਲੱਗਾ ਤਾਂ ਬਾਹਰ ਖੜ੍ਹੇ ਅਣਪਛਾਤੇ ਵਿਅਕਤੀਆਂ ਨੇ ਮੈਨੂੰ ਜਾਨੋਂ ਮਾਰਨ ਦੀ ਨੀਅਤ ਨਾਲ ਅੰਨ੍ਹੇਵਾਹ ਫਾਇਰਿੰਗ ਸ਼ੁਰੂ ਕਰ ਦਿੱਤੀ। ਪੁਲਿਸ ਨੇ ਬਿਆਨਾਂ ਦੇ ਆਧਾਰ ’ਤੇ ਸਬੰਧਿਤ ਵਾਰਦਾਤ ਵਿਚ ਸ਼ਾਮਲ ਅਣਪਛਾਤੇ ਵਿਅਕਤੀਆ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ।