ਕੈਨੇਡਾ ਏਅਰਪੋਰਟ ’ਤੇ ਪਹੁੰਚਦੇ ਹੀ ਪਤਨੀ ਨੇ ਦਿਖਾਇਆ ਅਸਲੀ ਰੰਗ

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਕੈਨੇਡਾ ਪਹੁੰਚੇ ਮੋਗਾ ਜ਼ਿਲ੍ਹੇ ਦੇ ਪਿੰਡ ਰੌਲੀ ਨਿਵਾਸੀ ਹਰਦੀਪ ਸਿੰਘ ਵਲੋਂ ਪਤਨੀ ਨੂੰ 8 ਲੱਖ ਰੁਪਏ ਨਾ ਦੇਣ ’ਤੇ ਉਸ ਨੂੰ ਏਅਰਪੋਰਟ ’ਤੇ ਹੀ ਛੱਡ ਦਿੱਤਾ ਅਤੇ ਫਰਾਰ ਹੋ ਗਈ। ਇਸ ਸਬੰਧੀ ਜਾਂਚ ਤੋਂ ਬਾਅਦ ਰਾਜਵਿੰਦਰ ਕੌਰ ਤੂਰ ਨਿਵਾਸੀ ਪਿੰਡ ਖੋਸਾ ਕੋਟਲਾ ਹਾਲ ਅਬਾਦ ਕੈਨੇਡਾ, ਉਸਦੇ ਪਿਤਾ ਗੁਰਪ੍ਰੀਤ ਸਿੰਘ ਅਤੇ ਮਾਤਾ ਹਰਪ੍ਰਕਾਸ਼ ਕੌਰ ਨਿਵਾਸੀ ਪਿੰਡ ਖੋਸਾ ਕੋਟਲਾ ਖ਼ਿਲਾਫ਼ 18 ਲੱਖ 50 ਹਜ਼ਾਰ ਰੁਪਏ ਦੀ ਧੋਖਾਦੇਹੀ ਕਰਨ ਦੇ ਮਾਮਲੇ ਤਹਿਤ ਥਾਣਾ ਮਹਿਣਾ ਵਿਚ ਕੇਸ ਦਰਜ ਕੀਤਾ ਗਿਆ ਹੈ।

ਪੁਲਿਸ ਮੁਖੀ ਮੋਗਾ ਨੂੰ ਦਿੱਤੇ ਸ਼ਿਕਾਇਤ 'ਚ ਸੁਖਚੈਨ ਸਿੰਘ ਨਿਵਾਸੀ ਪਿੰਡ ਰੌਲੀ ਨੇ ਕਿਹਾ ਕਿ ਉਸਦੇ ਭਾਣਜੇ ਹਰਦੀਪ ਸਿੰਘ ਦਾ ਵਿਆਹ ਰਾਜਵਿੰਦਰ ਕੌਰ ਤੂਰ ਨਾਲ ਧਾਰਮਿਕ ਰੀਤੀ ਰਿਵਾਜ਼ਾਂ ਅਨੁਸਾਰ ਹੋਇਆ ਸੀ, ਜਿਸ ਨੂੰ ਅਸੀਂ ਖਰਚਾ ਕਰਕੇ ਕੈਨੇਡਾ ਭੇਜਿਆ, ਦੋਹਾਂ ਧਿਰਾਂ ਵਿਚਕਾਰ ਇਹ ਗੱਲ ਹੋਈ ਸੀ ਕਿ ਰਾਜਵਿੰਦਰ ਕੌਰ ਕੈਨੇਡਾ ਪਹੁੰਚ ਕੇ ਆਪਣੇ ਪਤੀ ਹਰਦੀਪ ਸਿੰਘ ਨੂੰ ਉਥੇ ਲੈ ਜਾ ਕੇ ਪੱਕਾ ਕਰਵਾਏਗੀ ਪਰ ਰਾਜਵਿੰਦਰ ਨੇ ਉਸਦੇ ਭਾਣਜੇ ਨੂੰ ਕੈਨੇਡਾ ਬਲਾਉਣ ਤੋਂ ਇਨਕਾਰ ਦਿੱਤਾ ਅਤੇ ਟਾਲ ਮਟੋਲ ਕਰਨ ਲੱਗੀ, ਜਿਸ ’ਤੇ ਅਸੀਂ ਪੰਚਾਇਤ ਰਾਹੀਂ ਉਸਦੇ ਅਤੇ ਉਸ ਦੇ ਪਰਿਵਾਰ ਵਾਲਿਆਂ ਨਾਲ ਗੱਲਬਾਤ ਕੀਤੀ ਤਾਂ ਰਾਜਵਿੰਦਰ ਕੌਰ ਨੇ ਮੇਰੇ ਭਾਣਜੇ ਦੀ ਫਾਈਲ ਲਗਾ ਦਿੱਤੀ। ਇਸ ਦੌਰਾਨ ਜਦੋਂ ਮੇਰਾ ਭਾਣਜਾ ਕੈਨੇਡਾ ਏਅਰਪੋਰਟ ’ਤੇ ਪਹੁੰਚਿਆ ਤਾਂ ਰਾਜਵਿੰਦਰ ਕੌਰ 8 ਲੱਖ ਰੁਪਏ ਹੋਰ ਮੰਗਣ ਲੱਗੀ, ਜਿਸ ’ਤੇ ਉਸਦੇ ਭਾਣਜੇ ਨੇ ਕਿਹਾ ਕਿ ਉਸ ਕੋਲ ਤਾਂ ਕੋਈ ਪੈਸਾ ਨਹੀਂ ਹੈ, ਤਾਂ ਉਹ ਉਸ ਨੂੰ ਏਅਰਪੋਰਟ ’ਤੇ ਹੀ ਛੱਡ ਕੇ ਚਲੀ ਗਈ। ਪੁਲਿਸ ਨੇ ਮਾਮਲਾ ਦਰਜ ਕਰਕੇ ਅਗੇ ਦ ਕਾਰਵਾਈ ਸ਼ੁਰੂ ਕਰ ਦਿੱਤੀ ਹੈ।