ਯੂਕਰੇਨ ਦੀ ਮਦਦ ਲਈ ਅਮਰੀਕਾ ਨੇ ਵਧਾਇਆ ਹੱਥ, ਸਹਾਇਤਾ ਰਾਸ਼ੀ ਵਧਾਉਣ ਸਬੰਧੀ ਪ੍ਰਸਤਾਵ ਪੇਸ਼

by jaskamal

ਨਿਊਜ਼ ਡੈਸਕ : ਅਮਰੀਕਾ ਲਈ ਤਿਆਰ 1.5 ਟ੍ਰਿਲੀਅਨ ਡਾਲਰ ਦੇ ਬਜਟ ਪ੍ਰਸਤਾਵ 'ਚ ਯੂਕਰੇਨ ਤੇ ਪੂਰਬੀ ਯੂਰਪੀ ਦੇਸ਼ਾਂ ਦਾ ਸਹਾਇਤਾ ਪੈਕੇਜ ਵਧਾ ਕੇ 14 ਬਿਲੀਅਨ ਡਾਲਰ ਕਰਨ ਦਾ ਪ੍ਰਸਤਾਵ ਦਿੱਤਾ ਗਿਆ। ਪ੍ਰਸਤਾਵ ਨੂੰ ਇਸ ਹਫ਼ਤੇ ਦੇ ਅਖੀਰ 'ਚ ਕਾਂਗਰਸ ਦੁਆਰਾ ਮਨਜ਼ੂਰੀ ਮਿਲਣ ਦੀ ਉਮੀਦ ਹੈ। ਡੈਮੋਕਰੇਟਿਕ ਅਤੇ ਰਿਪਬਲਿਕਨ ਮੈਂਬਰ ਯੂਕ੍ਰੇਨ ਦੀ ਮਦਦ ਲਈ ਇਕੱਠੇ ਹਨ। ਰੂਸ ਦੇ ਹਮਲੇ ਤੋਂ ਬਾਅਦ ਯੂਕ੍ਰੇਨ ਦਾ ਵੱਡਾ ਹਿੱਸਾ ਤਬਾਹ ਹੋ ਗਿਆ ਹੈ। ਵਾਰਤਾਕਾਰਾਂ ਨੇ ਦੱਸਿਆ ਕਿ ਇਸ ਖੇਤਰ ਲਈ ਫ਼ੌਜੀ, ਮਾਨਵਤਾਵਾਦੀ ਅਤੇ ਆਰਥਿਕ ਸਹਾਇਤਾ ਲਈ ਪੈਕੇਜ ਸੋਮਵਾਰ ਦੇ 12 ਬਿਲੀਅਨ ਡਾਲਰ ਤੋਂ ਵਧਾ ਕੇ 14 ਬਿਲੀਅਨ ਡਾਲਰ ਕਰ ਦਿੱਤਾ ਗਿਆ ਹੈ ਜਦਕਿ ਰਾਸ਼ਟਰਪਤੀ ਜੋਅ ਬਾਈਡੇਨ ਦੁਆਰਾ ਪਿਛਲੇ ਹਫ਼ਤੇ ਮਦਦ ਰਾਸ਼ੀ ਨੂੰ ਵਧਾ ਕੇ 10 ਬਿਲੀਅਨ ਡਾਲਰ ਕਰਨ ਦੀ ਬੇਨਤੀ ਕੀਤੀ ਗਈ ਸੀ। 

ਬਾਈਡੇਨ ਨੇ ਵ੍ਹਾਈਟ ਹਾਊਸ ਵਿਚ ਕਿਹਾ ਕਿ ਅਸੀਂ ਯੂਕ੍ਰੇਨ ਦਾ ਜ਼ੁਲਮ, ਦਮਨ, ਹਿੰਸਾ ਦੇ ਵਿਰੁੱਧ ਸਮਰਥਨ ਕਰਨ ਜਾ ਰਹੇ ਹਾਂ। ਯੂਕ੍ਰੇਨ ਨੂੰ ਦਿੱਤੀ ਜਾਣ ਵਾਲੀ ਸਹਾਇਤਾ 'ਤੇ ਦੋਵਾਂ ਪਾਰਟੀਆਂ ਦੁਆਰਾ ਸਹਿਮਤੀ ਦਿੱਤੀ ਗਈ ਹੈ ਅਤੇ ਇਹ ਯੁੱਧਪੀੜਤ ਦੇਸ਼ ਦੀ ਮਦਦ ਕਰਨ ਲਈ ਕਾਂਗਰਸ (ਯੂਐਸ ਪਾਰਲੀਮੈਂਟ) ਦੀ ਇੱਛਾ ਨੂੰ ਦਰਸਾਉਂਦੀ ਹੈ ਪਰ ਕੁਝ ਮੈਂਬਰ ਅਜਿਹੇ ਵੀ ਹਨ ਜਿਨ੍ਹਾਂ ਨੇ ਕੁਝ ਇਤਰਾਜ਼ ਉਠਾਏ ਹਨ। ਰਿਪਬਲਿਕਨ ਮੈਂਬਰਾਂ ਨੇ ਦੋਸ਼ ਲਗਾਇਆ ਹੈ ਕਿ ਯੂਕ੍ਰੇਨ ਅਤੇ ਨਾਟੋ ਦੇਸ਼ਾਂ ਦੀ ਮਦਦ ਕਰਨ ਅਤੇ ਰੂਸ ਅਤੇ ਉਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਖ਼ਿਲਾਫ਼ ਪਾਬੰਦੀਆਂ ਲਗਾਉਣ ਦੇ ਮਾਮਲੇ ਵਿਚ ਬਾਈਡੇਨ ਢਿੱਲ-ਮੱਠ ਕਰ ਰਹੇ ਹਨ।