ਪੰਜਾਬ ਸਣੇ 19 ਸੂਬਿਆਂ ‘ਚ ਕੋਰੋਨਾ ਨੂੰ ਲੈ ਕੇ ਚੌਕਸੀ, ਕੇਂਦਰ ਨੇ ਅਹਿਤਿਆਤ ਵਰਤਣ ਦੀ ਕੀਤੀ ਅਪੀਲ

by jaskamal

ਨਿਊਜ਼ ਡੈਸਕ (ਜਸਕਮਲ) : ਕੋਰੋਨਾ ਦੇ ਨਵੇਂ ਸਰੂਪ ਓਮੀਕਰੋਨ ਦੇ ਵਧ ਰਹੇ ਕੇਸਾਂ ’ਤੇ ਚਿੰਤਾ ਜ਼ਾਹਿਰ ਕਰਦਿਆਂ ਕੇਂਦਰ ਸਰਕਾਰ ਨੇ ਅੱਜ ਵਿਧਾਨ ਸਭਾ ਚੋਣਾਂ ਵਾਲੇ ਸੂਬਿਆਂ ਪੰਜਾਬ, ਉੱਤਰ ਪ੍ਰਦੇਸ਼, ਉੱਤਰਾਖੰਡ ਤੇ ਗੋਆ ਸਮੇਤ 19 ਸੂਬਿਆਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਟੈਸਟਿੰਗ ਵਧਾਉਣ ’ਤੇ ਜ਼ੋਰ ਦਿੱਤਾ ਹੈ। ਸਿਹਤ ਮੰਤਰਾਲੇ ਦੀ ਵਧੀਕ ਸਕੱਤਰ ਆਰਤੀ ਅਹੂਜਾ ਨੇ ਪੱਤਰ ਲਿਖ ਕੇ ਇਨ੍ਹਾਂ ਸੂਬਿਆਂ ਨੂੰ ਕਿਹਾ ਹੈ ਕਿ ਉਹ ਕਰੋਨਾ ਦੇ ਪਸਾਰ ਰੋਕਣ ਤੇ ਟੈਸਟਿੰਗ ਵਧਾਉਣ ’ਚ ਢਿੱਲ ਨਾ ਵਰਤਣ।

ਕੇਂਦਰ ਸਰਕਾਰ ਨੇ ਵੀਰਵਾਰ ਨੂੰ ਕਿਹਾ ਹੈ ਕਿ ਮਹਾਰਾਸ਼ਟਰ, ਪੱਛਮੀ ਬੰਗਾਲ, ਤਾਮਿਲ ਨਾਡੂ, ਦਿੱਲੀ, ਕਰਨਾਟਕ ਤੇ ਗੁਜਰਾਤ ਹਫ਼ਤਾਵਾਰੀ ਕੋਵਿਡ-19 ਦੇ ਮਾਮਲਿਆਂ ਤੇ ਪਾਜ਼ੇਟੀਵਿਟੀ ਦਰ ਦੇ ਆਧਾਰ ’ਤੇ ਚਿੰਤਾ ਵਧਾਉਣ ਵਾਲੇ ਸੂਬਿਆਂ ਤੇ ਕੇਂਦਰ ਸ਼ਾਸਿਤ ਸੂਬਿਆਂ ਵਜੋਂ ਉਭਰ ਰਹੇ ਹਨ। ਸਿਹਤ ਮੰਤਰਾਲੇ ਨੇ ਕਿਹਾ ਕਿ ਅੱਠ ਜ਼ਿਲ੍ਹਿਆਂ ’ਚ ਕਰੋਨਾ ਦੇ ਹਫ਼ਤਾਵਾਰੀ ਲਾਗ ਦੇ 10 ਫ਼ੀਸਦ ਤੋਂ ਜ਼ਿਆਦਾ ਮਾਮਲੇ ਸਾਹਮਣੇ ਆ ਰਹੇ ਹਨ ਜਦਕਿ 14 ਜ਼ਿਲ੍ਹਿਆਂ ’ਚ ਲਾਗ ਦੀ ਦਰ 5 ਤੋਂ 10 ਫ਼ੀਸਦ ਹੈ। ਸਰਕਾਰ ਨੇ ਕਿਹਾ ਕਿ ਕੋਰੋਨਾ ਦੇ ਫੈਲਾਅ ਦਾ ਸੰਕੇਤ ਦੇਣ ਵਾਲੀ ਆਰ ਨੌਟ ਵੈਲਿਊ (ਰੀਪ੍ਰੋਡਕਸ਼ਨ ਵੈਲਿਊ) 1.22 ਹੈ। ਕੇਂਦਰੀ ਸਿਹਤ ਮੰਤਰਾਲੇ ਨੇ ਅੱਠ ਸੂਬਿਆਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਕਰੋਨਾਵਾਇਰਸ ਦੇ ਨਵੇਂ ਸਰੂਪ ਓਮੀਕਰੋਨ ਦੇ ਵਧਦੇ ਖ਼ਤਰੇ ਨੂੰ ਦੇਖਦਿਆਂ ਇਹਤਿਆਤ ਵਰਤਣ ਲਈ ਚਿੱਠੀ ਲਿਖੀ ਹੈ।

ਦਿੱਲੀ ਦੇ ਸਿਹਤ ਮੰਤਰੀ ਸਤੇਂਦਰ ਜੈਨ ਨੇ ਕਿਹਾ ਹੈ ਕਿ ਓਮੀਕਰੋਨ ਲੋਕਾਂ ’ਚ ਤੇਜ਼ੀ ਨਾਲ ਫੈਲ ਰਿਹਾ ਹੈ ਤੇ ਹੁਣ ਕਰਵਾਏ ਜਾ ਰਹੇ 46 ਫ਼ੀਸਦ ਟੈਸਟਾਂ ’ਚ ਓਮੀਕਰੋਨ ਦੇ ਲੱਛਣ ਮਿਲੇ ਹਨ। ਨੀਤੀ ਆਯੋਗ ਦੇ ਮੈਂਬਰ (ਸਿਹਤ) ਡਾਕਟਰ ਵੀ ਕੇ ਪੌਲ ਨੇ ਕਿਹਾ ਕਿ ਪਿਛਲੇ ਕੁਝ ਦਿਨਾਂ ਤੋਂ ਕਰੋਨਾ ਦੇ ਕੇਸਾਂ ’ਚ ਵਾਧਾ ਦਰਜ ਹੋਇਆ ਹੈ ਤੇ ਕੁਝ ਸੂਬਿਆਂ ’ਚ ਇਹ ਰੁਝਾਨ ਲਗਾਤਾਰ ਵਧਦਾ ਜਾ ਰਿਹਾ ਹੈ। ਚੋਣ ਰੈਲੀਆਂ ਬਾਰੇ ਪੌਲ ਨੇ ਕਿਹਾ ਕਿ ਸਿਹਤ ਮੰਤਰਾਲੇ ਨੇ ਲਾਗ ਤੋਂ ਬਚਣ ਲਈ ਇਹਤਿਆਤੀ ਕਦਮ ਉਠਾਉਣ ਦੇ ਨਿਰਦੇਸ਼ ਦਿੱਤੇ ਹਨ। ਕਰੋਨਾ ਤੋਂ ਬਚਾਅ ਦੇ ਨੇਮਾਂ ਦੀ ਪਾਲਣਾ ਨਾਲ ਲਾਗ ਨੂੰ ਫੈਲਣ ਤੋਂ ਰੋਕਿਆ ਜਾ ਸਕਦਾ ਹੈ।

ਦੇਸ਼ ’ਚ ਇਕ ਦਿਨ ’ਚ ਓਮੀਕਰੋਨ ਦੇ 180 ਨਵੇਂ ਕੇਸ ਆਏ ਹਨ ਜਿਸ ਨਾਲ ਨਵੇਂ ਲਾਗ ਤੋਂ ਪੀੜਤ ਵਿਅਕਤੀਆਂ ਦੀ ਗਿਣਤੀ ਵਧ ਕੇ 961 ਹੋ ਗਈ ਹੈ। ਦਿੱਲੀ ’ਚ ਓਮੀਕਰੋਨ ਦੇ ਪੀੜਤਾਂ ਦੀ ਗਿਣਤੀ ਸਭ ਤੋਂ ਜ਼ਿਆਦਾ 263 ਹੈ ਜਦਕਿ ਮਹਾਰਾਸ਼ਟਰ ’ਚ 252, ਗੁਜਰਾਤ ’ਚ 97, ਰਾਜਸਥਾਨ ’ਚ 69, ਕੇਰਲਾ ’ਚ 65 ਤੇ ਤੇਲੰਗਾਨਾ ’ਚ 62 ਕੇਸ ਹਨ। ਸਿਹਤ ਮੰਤਰਾਲੇ ਨੇ ਕਿਹਾ ਕਿ ਓਮੀਕਰੋਨ ਸਰੂਪ ਡੈਲਟਾ ਨਾਲੋਂ ਤੇਜ਼ੀ ਨਾਲ ਫੈਲਦਾ ਹੈ ਅਤੇ 2-3 ਦਿਨਾਂ ’ਚ ਦੁੱਗਣਾ ਹੋ ਜਾਂਦਾ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਘਬਰਾਉਣ ਨਾ ਸਗੋਂ ਇਹਤਿਆਤ ਰੱਖਣ ਤੇ ਟੀਕੇ ਲਗਵਾਉਣ।