ਪੰਜਾਬ ’ਚ ਕਣਕ ਦੀ ਖਰੀਦ 1 ਅਪ੍ਰੈਲ ਤੋਂ ਸ਼ੁਰੂ ਕਰਨ ਦਾ ਐਲਾਨ, ਇੰਨਾ ਮਿਲੇਗਾ MSP

by jaskamal

ਨਿਊਜ਼ ਡੈਸਕ : ਪੰਜਾਬ ਸਰਕਾਰ ਵੱਲੋਂ 1 ਅਪ੍ਰੈਲ ਤੋਂ ਕਣਕ ਦੀ ਖਰੀਦ ਸ਼ੁਰੂ ਕਰਨ ਦਾ ਐਲਾਨ ਕੀਤਾ ਗਿਆ ਹੈ। ਸਰਕਾਰ ਵੱਲੋਂ ਕਣਕ ਦੀ ਖਰੀਦ ਲਈ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ। ਖਰੀਦ ਏਜੰਸੀਆਂ ਨਾਲ ਮੀਟਿੰਗਾਂ ਦਾ ਸਿਲਸਿਲਾ ਜਾਰੀ ਹੈ। ਭਾਰਤੀ ਖੁਰਾਕ ਨਿਗਮ ਨੇ ਦੱਸਿਆ ਕਿ ਸਾਲ 2022-23 ਲਈ ਸਰਕਾਰ ਨੇ ਕਣਕ ਦੀ ਐੱਮਐੱਸਪੀ 2015 ਰੁਪਏ ਪ੍ਰਤੀ ਕੁਇੰਟਲ ਤੈਅ ਕੀਤੀ ਹੈ ਪਰ ਬਾਜ਼ਾਰ 'ਚ ਕਣਕ ਦੇ ਭਾਅ 2300 ਰੁਪਏ ਪ੍ਰਤੀ ਕੁਇੰਟਲ ਨੂੰ ਪਾਰ ਕਰ ਗਏ ਹਨ।

ਕਣਕ ਦੀ ਖਰੀਦ 1 ਅਪ੍ਰੈਲ ਸ਼ੁਰੂ ਹੋਵੇਗੀ ਤੇ 15 ਜੂਨ ਤੱਕ ਕਿਸਾਨਾਂ ਤੋਂ ਇਸ ਦੀ ਖਰੀਦ ਕੀਤੀ ਜਾਵੇਗੀ। ਰੂਸ-ਯੂਕਰੇਨ ਜੰਗ ਦਾ ਅਸਰ ਵੀ ਕਣਕ ਦੀ ਖਰੀਦ ‘ਤੇ ਪੈ ਸਕਦਾ ਹੈ। ਦੂਜੇ ਸੂਬਿਆਂ ਦੀ ਮੰਗ ਦੀ ਪੂਰਤੀ ਲਈ ਇਸ ਵਾਰ ਪੰਜਾਬ ਦੇ ਖਰੀਦ ਕੇਂਦਰਾਂ ’ਚੋਂ ਕਣਕ ਸਿੱਧੀ ਡਿਸਪੈਚ ਕੀਤੀ ਜਾਣੀ ਹੈ। ਅਨਾਜ ਦੀ ਮੰਗ ਵਧਣ ਕਾਰਨ ਪੰਜਾਬ ਦੇ ਗੋਦਾਮਾਂ ਵਿਚੋਂ ਕਣਕ ਚੁੱਕਣੀ ਸ਼ੁਰੂ ਹੋ ਗਈ ਹੈ। ਰਿਪੋਰਟ ਮੁਤਾਬਕ ਪੰਜਾਬ ਵਿਚ ਇਸ ਵਾਰ ਕਣਕ ਦੀ ਪੈਦਾਵਾਰ 175 ਲੱਖ ਮੀਟਰਕ ਟਨ ਹੋਣ ਦੇ ਆਸਾਰ ਹਨ ਜਿਸ ’ਚੋਂ 132 ਲੱਖ ਮੀਟਰਿਕ ਟਨ ਕਣਕ ਦੀ ਖਰੀਦ ਦਾ ਟੀਚਾ ਰੱਖਿਆ ਗਿਆ ਹੈ।