ਪਤਨੀ ਨੇ ਆਸ਼ਕ ਨਾਲ ਮਿਲ ਕੇ ਪਤੀ ਨੂੰ ਜ਼ਹਿਰੀਲੀ ਦਵਾਈ ਦੇ ਕੀਤਾ ਕਤਲ

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਭਿੱਖੀਵਿੰਡ ਤੋਂ ਥੋੜ੍ਹੀ ਦੂਰ ਪੈਂਦੇ ਪਿੰਡ ਤਤਲੇ ਵਿਖੇ ਇਕ ਔਰਤ ਵਲੋਂ ਆਸ਼ਕ ਨਾਲ ਮਿਲ ਕੇ ਆਪਣੇ ਪਤੀ ਨੂੰ ਜ਼ਹਿਰੀਲੀ ਦਵਾਈ ਦੇ ਕੇ ਉਸਦਾ ਕਤਲ ਕਰ ਦਿੱਤਾ ਸੀ। ਐੱਸ. ਐੱਚ. ਓ. ਜਸਵੰਤ ਸਿੰਘ ਭੱਟੀ ਨੇ ਦੱਸਿਆ ਕਿ ਸੁਖਦੇਵ ਸਿੰਘ ਪੁੱਤਰ ਬਲਵੀਰ ਸਿੰਘ ਵਾਸੀ ਤੱਤਲੇ ਨੇ ਪੁਲਿਸ ਨੂੰ ਦਿੱਤੇ ਬਿਆਨਾਂ 'ਚ ਦੱਸਿਆ ਕਿ ਉਹ ਛੇ ਭਰਾ ਹਨ ਅਤੇ ਮੇਰਾ ਛੋਟਾ ਭਰਾ ਹੀਰਾ ਸਿੰਘ ਪਿੰਡ ਘਰਿਆਲਾ ਵਿਖੇ ਵਿਆਹਿਆ ਹੋਇਆ ਹੈ। ਉਸ ਦੀ ਪਤਨੀ ਰਣਦੀਪ ਕੌਰ ਉਰਫ ਰਾਣੀ ਦੇ ਅੰਗਰੇਜ਼ ਸਿੰਘ ਪੁੱਤਰ ਨਸੀਬ ਸਿੰਘ ਵਾਸੀ ਬੱਲ ਨੇੜੇ ਮਖੂ ਜ਼ਿਲ੍ਹਾ ਫਿਰੋਜ਼ਪੁਰ ਨਾਲ ਨਾਜਾਇਜ਼ ਸੰਬੰਧ ਸਨ।

ਜਿਸ ਦੇ ਨਾਜਾਇਜ਼ ਸਬੰਧਾਂ ਤੋਂ ਮੇਰਾ ਭਰਾ ਹੀਰਾ ਸਿੰਘ ਨਫ਼ਰਤ ਕਰਦਾ ਸੀ, ਉਹ ਉਸ ਨੂੰ ਵਾਰ-ਵਾਰ ਸਮਝਾਉਂਦਾ ਸੀ। ਉਸ ਨੇ ਕਿਹਾ ਕਿ ਮੇਰੇ ਭਰਾ ਦੇ ਵਰਜ਼ਨ ਦੇ ਬਾਵਜੂਦ ਫਿਰ ਅੰਗਰੇਜ਼ ਸਿੰਘ ਮੇਰੇ ਭਰਾ ਦੇ ਘਰ ਆਇਆ ਸੀ । ਮੇਰੀ ਭਾਬੀ ਰਣਦੀਪ ਕੌਰ ਨੇ ਮੈਨੂੰ ਫੋਨ ਕੀਤਾ ਕਿ ਹੀਰਾ ਸਿੰਘ ਦੀ ਤਬੀਅਤ ਠੀਕ ਨਹੀਂ ਹੈ ਤੁਸੀਂ ਆ ਜਾਓ ਜਦੋਂ ਮੈਂ ਘਰ ਆਇਆ ਤਾਂ ਮੇਰਾ ਭਰਾ ਅੰਦਰ ਮੰਜੇ ’ਤੇ ਪਿਆ ਸੀ।

ਇਸ ਦੌਰਾਨ ਜਦੋਂ ਮੈਂ ਆਪਣੇ ਭਰਾ ਨੂੰ ਜਦੋਂ ਪੁੱਛਿਆ ਤਾਂ ਉਸਨੇ ਮੈਨੂੰ ਦੱਸਿਆ ਕਿ ਮੇਰੀ ਘਰਵਾਲੀ ਰਣਦੀਪ ਕੌਰ ਅਤੇ ਉਸਦੇ ਦੋਸਤ ਅੰਗਰੇਜ਼ ਸਿੰਘ ਨੇ ਮੈਨੂੰ ਸਲਫਾਸ ਜ਼ਹਿਰ ਦੇ ਦਿੱਤਾ ਹੈ । ਸੁਖਦੇਵ ਸਿੰਘ ਨੇ ਦੱਸਿਆ ਕਿ ਅਸੀਂ ਆਪਣੇ ਭਰਾ ਨੂੰ ਇਲਾਜ ਲਈ ਹਸਪਤਾਲ ਲੈ ਗਏ ਪਰ ਉੱਥੇ ਡਾਕਟਰਾਂ ਵੱਲੋਂ ਹੀਰਾ ਸਿੰਘ ਨੂੰ ਮ੍ਰਿਤਕ ਕਰਾਰ ਦੇ ਦਿੱਤਾ। ਪੁਲਿਸ ਨੇ ਮਾਮਲਾ ਦਰਜ ਕਰਕੇ ਅਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।