ਪਾਣੀ ਦੇ ਕੈਂਪਰ ਨੂੰ ਲੈ ਕੇ ਖਹਿਬੜੇ ਦੁਕਾਨਦਾਰ, ਚੱਲੀਆਂ ਗੋਲ਼ੀਆਂ, ਇਕ ਦੀ ਮੌਤ

by jaskamal

ਨਿਊਜ਼ ਡੈਸਕ : ਰਾਮਾਂ ਮੰਡੀ ਸੁਪਰਮਾਰਕੀਟ ’ਚ ਦੁਕਾਨਦਾਰਾਂ ਦੀ ਪਾਣੀ ਨੂੰ ਲੈ ਕੇ ਹੋਈ ਆਪਸੀ ਲੜਾਈ ’ਚ ਚੱਲੀਆਂ ਗੋਲੀਆਂ ਦੌਰਾਨ 1 ਨੌਜਵਾਨ ਦੀ ਮੌਤ ਹੋ ਗਈ। ਇਸ ਵਾਰਦਾਤ ਤੋਂ ਬਾਅਦ ਲੋਕਾਂ ’ਚ ਦਹਿਸ਼ਤ ਦਾ ਮਾਹੌਲ ਹੈ। ਕਤਲ ਦੀ ਸੂਚਨਾ ਮਿਲਣ ਤੋਂ ਬਾਅਦ ਡੀਐੱਸਪੀ ਤਲਵੰਡੀ ਸਾਬੋ ਅਤੇ ਐੱਸਐੱਚਓ ਰਾਮਾਂ ਪੁਲਸ ਫੋਰਸ ਨਾਲ ਮੌਕੇ ’ਤੇ ਪਹੁੰਚੇ ਅਤੇ ਹਾਲਾਤ ਦਾ ਜਾਇਜ਼ਾ ਲਿਆ। ਉਧਰ ਗੱਲਬਾਤ ਕਰਦੇ ਹੋਏ ਰਾਮਾਂ ਪੁਲਸ ਨੇ ਦੱਸਿਆ ਕਿ ਉਕਤ ਦੁਕਾਨਦਾਰਾਂ ਦੀ ਬੀਤੇ ਦਿਨ ਪਾਣੀ ਦੇ ਕੈਂਪਰ ਨੂੰ ਲੈ ਕੇ ਲੜਾਈ ਹੋਈ ਸੀ, ਜਿਸ ਤੋਂ ਬਾਅਦ ਉਨ੍ਹਾਂ ਦਾ ਆਪਸੀ ਸਮਝੌਤਾ ਹੋ ਗਿਆ ਸੀ। ਸਵੇਰੇ ਉਨ੍ਹਾਂ ਦੀ ਫਿਰ ਲੜਾਈ ਹੋ ਗਈ, ਇਹ ਲੜਾਈ ਇੰਨਾ ਵੱਧ ਗਈ ਕਿ ਇਸ ਮੌਕੇ ਗੋਲ਼ੀਆਂ ਵੀ ਚੱਲ ਗਈਆਂ ਅਤੇ ਟੇਲਰ ਗੁਰਪ੍ਰੀਤ ਸਿੰਘ ਦਾ 2 ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ।

ਗੋਲ਼ੀਆਂ ਲੱਗਣ ਕਾਰਣ ਗੰਭੀਰ ਜ਼ਖਮੀ ਹੋਏ ਗੁਰਪ੍ਰੀਤ ਸਿੰਘ ਨੂੰ ਹੈਲਪਲਾਈਨ ਦੀ ਐਂਬੂਲੈਂਸ ਰਾਹੀਂ ਹਸਪਤਾਲ ਭੇਜਿਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਉਧਰ ਪੁਲਸ ਵਲੋਂ ਦੋਸ਼ੀਆਂ ਦੀ ਭਾਲ ਕੀਤੀ ਜਾ ਰਹੀ ਹੈ। ਪੁਲਸ ਮੁਤਾਬਕ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਪੁਲਸ ਵਲੋਂ ਛਾਪੇਮਾਰੀ ਕੀਤੀ ਜਾ ਰਹੀ ਹੈ।