‘ਆਪ’ ਨੇ ਲੋਕ ਸਭਾ ਸੀਟਾਂ ਲਈ ਪੰਜਾਬ ਦੇ ਉਮੀਦਵਾਰਾਂ ਦੀ ਦੂਜੀ ਸੂਚੀ ਕੀਤੀ ਜਾਰੀ

by nripost

ਚੰਡੀਗੜ੍ਹ (ਸਰਬ )- ਆਮ ਆਦਮੀ ਪਾਰਟੀ (ਆਪ) ਨੇ ਪੰਜਾਬ ਦੀਆਂ 13 ਲੋਕ ਸਭਾ ਸੀਟਾਂ ਲਈ ਲੋਕ ਸਭਾ ਉਮੀਦਵਾਰਾਂ ਦੀ ਦੂਜੀ ਸੂਚੀ ਜਾਰੀ ਕਰਦਿਆਂ ਦੋ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ। ਇਸ ਸੂਚੀ ਵਿੱਚ ‘ਆਪ’ ਪੰਜਾਬ ਦੇ ਮੁੱਖ ਬੁਲਾਰੇ ਮਲਵਿੰਦਰ ਸਿੰਘ ਕੰਗ ਨੂੰ ਆਨੰਦਪੁਰ ਸਾਹਿਬ ਤੋਂ ਟਿਕਟ ਦਿੱਤੀ ਗਈ ਹੈ ਅਤੇ ਡਾ ਰਾਜ ਕੁਮਾਰ ਚੱਬੇਵਾਲ ਨੂੰ ਹੁਸ਼ਿਆਰਪੁਰ, ਜੋ ਕਿ ਰਿਜਰਵ ਸੀਟ ਹੈ, ਤੋਂ ਟਿਕਟ ਦਿੱਤੀ ਹੈ।

ਰਾਜ ਕੁਮਾਰ ਚੱਬੇਵਾਲ ਕੁਝ ਦਿਨ ਪਹਿਲਾਂ ਕਾਂਗਰਸ ਛੱਡ ਕੇ ‘ਆਪ’ ‘ਚ ਸ਼ਾਮਲ ਹੋ ਗਏ ਸਨ ਜਦਕਿ ਮਾਨ ਸਰਕਾਰ ਬਣਨ ਤੋਂ ਬਾਅਦ ਤੋਂ ਹੀ ਮਲਵਿੰਦਰ ਕੰਗ ਪੰਜਾਬ ‘ਚ ਪਾਰਟੀ ਦੇ ਮੁੱਖ ਬੁਲਾਰੇ ਹਨ। ਪਹਿਲੀ ਸੂਚੀ ਵਿੱਚ ਪਾਰਟੀ ਨੇ 7 ਸੀਟਾਂ ਲਈ ਉਮੀਦਵਾਰਾਂ ਦਾ ਐਲਾਨ ਕੀਤਾ ਸੀ। ਜਿਸ ਵਿੱਚ ਸੰਗਰੂਰ ਤੋਂ ਮੰਤਰੀ ਗੁਰਮੀਤ ਹੇਅਰ, ਪਟਿਆਲਾ ਤੋਂ ਮੰਤਰੀ ਡਾ ਬਲਬੀਰ ਸਿੰਘ, ਖਡੂਰ ਸਾਹਿਬ ਤੋਂ ਮੰਤਰੀ ਲਾਲਜੀਤ ਭੁੱਲਰ, ਅੰਮ੍ਰਿਤਸਰ ਤੋਂ ਮੰਤਰੀ ਕੁਲਦੀਪ ਧਾਲੀਵਾਲ, ਬਠਿੰਡਾ ਤੋਂ ਮੰਤਰੀ ਗੁਰਮੀਤ ਖੁੱਡੀਆਂ, ਫਰੀਦਕੋਟ ਤੋਂ ਕਰਮਜੀਤ ਅਨਮੋਲ ਅਤੇ ਫਤਿਹਗੜ੍ਹ ਸਾਹਿਬ ਤੋਂ ਗੁਰਪ੍ਰੀਤ ਜੀ.ਪੀ. ਸ਼ਾਮਲ ਹਨ। ‘ਆਪ’ ਦੀ ਦੂਜੀ ਸੂਚੀ ਤੋਂ ਬਾਅਦ ਜਲੰਧਰ, ਲੁਧਿਆਣਾ, ਗੁਰਦਾਸਪੁਰ ਅਤੇ ਫਿਰੋਜ਼ਪੁਰ ਸੀਟ ਤੋਂ ਉਮੀਦਵਾਰਾਂ ਦਾ ਐਲਾਨ ਹੋਣਾ ਬਾਕੀ ਹੈ।

ਮਲਵਿੰਦਰ ਕੰਗ ਨੇ ਆਪਣੀ ਉਮੀਦਵਾਰੀ ‘ਤੇ ਪ੍ਰਤੀਕਰੀਆ ਦਿੰਦਿਆਂ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਅਤੇ ‘ਆਪ’ ਪੰਜਾਬ ਦੇ ਪ੍ਰਧਾਨ ਭਗਵੰਤ ਮਾਨ ਦਾ ਉਨ੍ਹਾਂ ‘ਤੇ ਭਰੋਸਾ ਕਰਨ ਲਈ ਧੰਨਵਾਦ ਕਰਦਿਆਂ ਕਿਹਾ ਕਿ ਪਾਰਟੀ ਉਨ੍ਹਾਂ ਵਰਗੇ ਸਧਾਰਨ ਵਰਕਰ ਨੂੰ ਸਨਮਾਨਿਤ ਕਰ ਰਹੀ ਹੈ।