ਕੈਨੇਡਾ: ਤਕਨਾਲੋਜੀ ‘ਚ ਮੁਹਾਰਤ ਨਾ ਰੱਖਣ ਵਾਲੇ ਅਧਿਆਪਕਾਂ ਨੂੰ ਟੈਕ ਕੋਰਸ ਕਰਵਾਏਗੀ ਓਂਟਾਰੀਓ ਸਰਕਾਰ

by nripost

ਓਂਟਾਰੀਓ (ਸਰਬ)- ਅਗਲੇ ਸਕੂਲ ਵਰ੍ਹੇ ਤੋਂ ਓਨਟਾਰੀਓ ਕੁੱਝ ਅਜਿਹੇ ਅਧਿਆਪਕਾ ਨੂੰ ਟੈਕ ਕੋਰਸ ਕਰਵਾਉਣ ਦੀ ਇਜਾਜ਼ਤ ਦੇਣ ਦਾ ਪ੍ਰਸਤਾਵ ਲਿਆਇਆ ਹੈ ਜਿਨ੍ਹਾਂ ਕੋਲ ਟੈਕਨੋਲੌਜੀਕਲ ਕੋਰਸ ਕਰਵਾਉਣ ਦਾ ਕੋਈ ਤਜਰਬਾ ਨਹੀਂ ਹੈ ਤੇ ਨਾ ਹੀ ਉਨ੍ਹਾਂ ਉਹ ਪੜ੍ਹਾਈ ਹੀ ਕੀਤੀ ਹੋਈ ਹੈ। ਅਧਿਆਪਕਾਂ ਤੇ ਪ੍ਰਿੰਸੀਪਲਜ਼ ਦਾ ਕਹਿਣਾ ਹੈ ਕਿ ਇਸ ਤੋਂ ਪਤਾ ਲੱਗਦਾ ਹੈ ਕਿ ਅਜਿਹੀਆਂ ਕਲਾਸਾਂ ਲਈ ਪ੍ਰੋਵਿੰਸ ਕੋਲ ਕੋਈ ਤਿਆਰੀ ਨਹੀਂ ਹੈ।

ਪਿਛਲੇ ਸਾਲ ਸਿੱਖਿਆ ਮੰਤਰੀ ਸਟੀਫਨ ਲਿਚੇ ਨੇ ਇਹ ਐਲਾਨ ਕੀਤਾ ਸੀ ਕਿ ਸਤੰਬਰ 2024 ਦੀ ਸ਼ੁਰੂਆਤ ਵਿੱਚ ਹਾਈ ਸਕੂਲ ਵਿਦਿਆਰਥੀਆਂ ਨੂੰ 9ਵੀਂ ਤੇ 10ਵੀਂ ਕਲਾਸਾਂ ਵਿੱਚ ਤਕਨਾਲੋਜੀ ਤੇ ਸਕਿੱਲਡ ਟਰੇਡਜ਼ ਵਿੱਚ ਕੋਰਸ ਕਰਨੇ ਪੈਣਗੇ। ਪਰ ਹੁਣ ਸਰਕਾਰ ਇਸ ਬਦਲ ਉੱਤੇ ਕੰਮ ਕਰ ਰਹੀ ਹੈ ਕਿ ਇਸ ਪੜ੍ਹਾਈ ਲਈ ਉਨ੍ਹਾਂ ਅਧਿਆਪਕਾਂ ਦੀ ਹੀ ਜਿੰਮੇਵਾਰੀ ਪ੍ਰਿੰਸੀਪਲ ਲਾ ਦੇਣ ਜਿਹੜੇ ਜਨਰਲ ਐਜੂਕੇਸ਼ਨ ਵਿੱਚ ਯੋਗਤਾ ਰੱਖਦੇ ਹਨ।

ਓਨਟਾਰੀਓ ਪ੍ਰਿੰਸੀਪਲਜ਼ ਕਾਊਂਸਲ ਪ੍ਰੈਜ਼ੀਡੈਂਟ ਰਾਲਫ ਨਿਗਰੋ ਨੇ ਆਖਿਆ ਕਿ ਤਕਨਾਲੋਜੀ ਵਿੱਚ ਮੁਹਾਰਤ ਰੱਖਣ ਵਾਲੇ ਅਧਿਆਪਕਾਂ ਦੀ ਜੇ ਗੱਲ ਛੱਡ ਵੀ ਦੇਈਏ ਤਾਂ ਵੀ ਪਹਿਲਾਂ ਹੀ ਅਧਿਆਪਕਾਂ ਦੀ ਘਾਟ ਚੱਲ ਰਹੀ ਹੈ। ਉਨ੍ਹਾਂ ਆਖਿਆ ਕਿ ਅਸੀਂ ਅਜਿਹੇ ਕੋਰਸਾਂ ਦੀ ਸ਼ੁਰੂਆਤ ਨੂੰ ਲੈ ਕੇ ਕਾਫੀ ਉਤਸ਼ਾਹਿਤ ਹੁੰਦੇ ਹਾਂ ਤੇ ਇਨ੍ਹਾਂ ਦਾ ਸਮਰਥਨ ਵੀ ਕਰਦੇ ਹਾਂ ਪਰ ਇਨ੍ਹਾਂ ਕੋਰਸਾਂ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਪੂਰੀ ਤਿਆਰੀ ਕੀਤੇ ਜਾਣ ਦੀ ਲੋੜ ਹੈ। ਉਨ੍ਹਾਂ ਆਖਿਆ ਕਿ ਇਸ ਮਾਮਲੇ ਵਿੱਚ ਉਨ੍ਹਾਂ ਕੋਲ ਵੀ ਬਦਲ ਬਹੁਤ ਘੱਟ ਹੋਣਗੇ ਤੇ ਅਧਿਆਪਕ ਵੀ ਅਜਿਹੇ ਕੋਰਸ ਕਰਵਾਉਣ ਲਈ ਤਿਆਰ ਨਹੀਂ ਹੋਣਗੇ ਜਿਨ੍ਹਾਂ ਵਿੱਚ ਉਨ੍ਹਾਂ ਨੂੰ ਕੋਈ ਤਜਰਬਾ ਹੀ ਨਹੀਂ ਹੈ।