
ਹਿਮਾਚਲ ਦੀ ਮੰਡੀ ਸੀਟ ਤੋਂ ਭਾਜਪਾ ਦੀ ਲੋਕ ਸਭਾ ਮੈਂਬਰ ਚੁਣੀ ਗਈ ਅਦਾਕਾਰਾ ਕੰਗਨਾ ਰਣੌਤ ਦੇ ਥੱਪੜ ਮਾਰਨ ਦੀ ਘਟਨਾ ਤੋਂ ਬਾਅਦ ਸਿਆਸਤ ਗਰਮਾ ਗਈ ਹੈ। ਸੀਆਈਐਸਐਫ ਦੀ ਦੋਸ਼ੀ ਮਹਿਲਾ ਕਾਂਸਟੇਬਲ ਕੁਲਵਿੰਦਰ ਕੌਰ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਵੀਰਵਾਰ ਨੂੰ ਚੰਡੀਗੜ੍ਹ ਏਅਰਪੋਰਟ ‘ਤੇ ਕੁਲਵਿੰਦਰ ਵੱਲੋਂ ਕੰਗਨਾ ਨੂੰ ਥੱਪੜ ਮਾਰਿਆ ਗਿਆ ਸੀ।
ਇਸ ਘਟਨਾ ਤੋਂ ਬਾਅਦ ਕੰਗਨਾ ਨੇ ਕਿਹਾ- ਮੇਰੀ ਚਿੰਤਾ ਇਹ ਹੈ ਕਿ ਪੰਜਾਬ ‘ਚ ਵਧ ਰਹੇ ਅੱਤਵਾਦ ਨੂੰ ਅਸੀਂ ਕਿਵੇਂ ਸੰਭਾਲਾਂਗੇ। ਇਸ ਮਾਮਲੇ ਵਿੱਚ ਹੁਣ ਬੀਬਾ ਹਰਸਿਮਰਤ ਕੌਰ ਬਾਦਲ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ ਉਨ੍ਹਾਂ ਕਿਹਾ ਕਿ “ਮੈਂ ਕੇਂਦਰ ਸਰਕਾਰ ਨੂੰ ਅਪੀਲ ਕਰਦੀ ਹਾਂ ਕਿ ਉਹ ਕਿਸਾਨਾਂ ਦੀਆਂ ਸ਼ਿਕਾਇਤਾਂ ਨੂੰ ਦੂਰ ਕਰਨ ਲਈ ਉਹਨਾਂ ਨਾਲ ਕੀਤੇ ਹੋਏ ਵਾਅਦਿਆਂ ਨੂੰ ਪੂਰਾ ਕਰਨ ਵੱਲ ਕੋਈ ਠੋਸ ਕਦਮ ਚੁੱਕੇ, ਸਾਨੂੰ ਸਾਰਿਆਂ ਨੂੰ ਹੀ ਮਿਲ ਕੇ ਇਸ ਟੀਚੇ ਨੂੰ ਪੂਰਾ ਕਰਨ ਲਈ ਕੰਮ ਕਰਨਾ ਚਾਹੀਦਾ ਹੈ । ਪੰਜਾਬੀਆਂ ਉਪਰ ਅੱਤਵਾਦੀ ਜਾਂ ਫ਼ਿਰਕੂਵਾਦੀ ਹੋਣ ਦੇ ਇਲਜ਼ਾਮ ਲਗਾਉਣ ਦੀ ਕਿਸੇ ਨੂੰ ਵੀ ਇਜਾਜ਼ਤ ਨਹੀਂ ਦਿੱਤੀ ਜਾਣੀ ਚਾਹੀਦੀ । ਸ਼ਾਇਦ ਉਹ ਨਹੀਂ ਜਾਣਦੇ ਕਿ ਪੰਜਾਬੀ ਉਹ ਦੇਸ਼ ਭਗਤ ਹਨ, ਜੋ ਦੇਸ਼ ਦੀਆਂ ਸਰਹੱਦਾਂ ਦੀ ਰਾਖੀ ਕਰ ਰਹੇ ਹਨ ਅਤੇ ਦੇਸ਼ ਲਈ ਅਨਾਜ ਦੇ ਖਜ਼ਾਨੇ ਭਰ ਰਹੇ ਹਨ।”