ਚੀਮਾ ਮੰਡੀ (ਸਰਬ): ਪਿੰਡ ਤੋਲਾਵਾਲ ਵਿਖੇ ਲੰਘੇ ਦਿਨੀਂ ਕੁਝ ਬਾਹਰਲੇ ਬੰਦਿਆਂ ਵੱਲੋਂ ਪਿੰਡ ਦੇ ਲੋਕਾਂ 'ਤੇ ਜਾਨਲੇਵਾ ਹਮਲਾ ਕੀਤਾ ਗਿਆ ਤੇ ਜਿਸ ਵਿੱਚ ਪਿੰਡ ਦੇ ਕਈ ਬੰਦੇ ਜ਼ਖਮੀ ਹੋ ਗਏ ਅਤੇ ਉਨ੍ਹਾਂ ਨੂੰ ਸਿਵਲ ਹਸਪਤਾਲ ਸਨਾਮ ਵਿਖੇ ਦਾਖਲ ਕਰਵਾਇਆ ਗਿਆ।
ਪਿੰਡ ਦੇ ਮੋਹਤਵਰ ਬੰਦਿਆਂ ਨੇ ਦੱਸਿਆ ਕਿ ਘੋੜੀਆਂ ਦੇ ਮਸਲੇ ਨੂੰ ਲੈ ਅਣਪਛਾਤੇ ਵਿਅਕਤੀਆਂ ਵੱਲੋਂ ਪਿੰਡ ਤੋਲਾਵਾਲ ਦੇ ਲੋਕਾਂ ਦੀ ਤੇਜਧਾਰ ਹਥਿਆਰਾਂ ਨਾਲ ਅੰਨੇ ਵਾਹ ਕੁੱਟਮਾਰ ਕੀਤੀ ਗਈ।ਇਸ ਸਬੰਧੀ ਅੱਜ ਪਿੰਡ ਦੇ ਲੋਕਾਂ ਦਾ ਇਕੱਠ ਹੋਇਆ, ਜਿਸ ਵਿੱਚ ਮੰਗ ਕੀਤੀ ਗਈ ਕਿ ਗੁਨਾਹਗਾਰ ਲੋਕਾਂ ਨੂੰ ਫੜ ਕੇ ਉਨ੍ਹਾਂ 'ਤੇ ਕਾਰਵਾਈ ਕੀਤੀ ਜਾਵੇ। ਪਿੰਡ ਦੇ ਪਤਵੰਤਿਆ ਨੇ ਦੱਸਿਆ ਕਿ ਇਸ ਘਟਨਾ ਦੇ ਰੋਸ ਵਜੋਂ ਲੋਕ ਸਭਾ ਚੋਣਾਂ ਦਾ ਮੁਕੰਮਲ ਤੌਰ 'ਤੇ ਬਾਈਕਾਟ ਕੀਤਾ ਜਾਵੇਗਾ ਤੇ ਕਿਸੇ ਵੀ ਪਾਰਟੀ ਦਾ ਪੋਲਿੰਗ ਬੂਥ ਨਹੀਂ ਲਗਾਇਆ ਜਾਵੇਗਾ।
ਇਹ ਫੈਸਲਾ ਪਿੰਡ ਦੇ ਸਾਰੇ ਲੋਕਾਂ ਵੱਲੋਂ ਸਰਬ ਸੰਮਤੀ ਨਾਲ ਕੀਤਾ ਗਿਆ ਤੇ ਇਸ ਸਬੰਧੀ ਲੋਕਾਂ ਦੇ ਇਕੱਠ ਵੱਲੋਂ ਸਾਰੇ ਪਿੰਡ 'ਚ ਘੁੰਮ ਕੇ ਅਨਾਉਸਮੈਂਟ ਵੀ ਕੀਤੀ ਗਈ। ਇਸ ਮੌਕੇ ਥਾਣਾ ਚੀਮਾ ਦੇ ਮੁਖੀ ਮਨਜੀਤ ਸਿੰਘ ਨੇ ਦੱਸਿਆ ਕਿ ਇਸ ਘਟਨਾ ਦੇ ਸਬੰਧ ਵਿੱਚ ਅਮਰਜੀਤ ਸਿੰਘ ਤੇ ਹੋਰ ਅਣਪਛਾਤੇ ਦੋਸ਼ੀਆਂ 'ਤੇ 307 ਦਾ ਪਰਚਾ ਦਰਜ ਕਰ ਲਿਆ ਗਿਆ ਹੈ ਤੇ ਅਗਲੀ ਕਾਰਵਾਈ ਜਾਰੀ ਹੈ।