ਚੰਡੀਗੜ੍ਹ ‘ਚ ਮੋਬਾਈਲ ਟਾਵਰ ‘ਤੇ ਚੜ੍ਹਿਆ ਹਰਿਆਣਾ ਦਾ ਨੌਜਵਾਨ: ਪੰਜਾਬ ਦੇ ਮੁੱਖ ਮੰਤਰੀ ਨੂੰ ਮਿਲਣ ਦੀ ਜਿੱਦ ‘ਤੇ ਅੜਿਆ

by jagjeetkaur

ਚੰਡੀਗੜ੍ਹ ‘ਚ ਸੈਕਟਰ-17 ਦੇ ਬੱਸ ਸਟੈਂਡ ਦੇ ਪਿੱਛੇ ਇਕ ਪ੍ਰਾਈਵੇਟ ਕੰਪਨੀ ਦੇ ਟਾਵਰ ‘ਤੇ ਇਕ ਨੌਜਵਾਨ ਚੜ੍ਹ ਗਿਆ ਹੈ। ਪੁਲਿਸ ਨੂੰ ਜਿਵੇਂ ਹੀ ਪਤਾ ਲੱਗਾ ਕਿ ਨੌਜਵਾਨ 50 ਫੁੱਟ ਉੱਚੇ ਟਾਵਰ ‘ਤੇ ਚੜ੍ਹ ਗਿਆ ਹੈ ਤਾਂ ਮੌਕੇ ‘ਤੇ ਪਹੁੰਚ ਗਈ। ਪੁਲਿਸ ਨੂੰ ਦੇਖ ਕੇ ਨੌਜਵਾਨ ਨੇ ਧਮਕੀ ਦਿੱਤੀ ਕਿ ਜੇਕਰ ਉਨ੍ਹਾਂ ਨੇ ਉਸ ਨੂੰ ਹੇਠਾਂ ਲਿਆਉਣ ਦੀ ਕੋਸ਼ਿਸ਼ ਕੀਤੀ ਤਾਂ ਉਹ ਛਾਲ ਮਾਰ ਦੇਵੇਗਾ। ਜਿਸ ਤੋਂ ਬਾਅਦ ਪੁਲਿਸ ਡਰੋਨ ਰਾਹੀਂ ਨੌਜਵਾਨ ‘ਤੇ ਨਜ਼ਰ ਰੱਖ ਰਹੀ ਹੈ।

ਪੁਲਿਸ ਅਨੁਸਾਰ ਵਿਕਰਮ ਢਿੱਲੋਂ ਨਾਮ ਦਾ ਇਹ ਨੌਜਵਾਨ ਹਰਿਆਣਾ ਦੇ ਜੀਂਦ ਦਾ ਰਹਿਣ ਵਾਲਾ ਹੈ। ਸ਼ੁਰੂਆਤੀ ਜਾਂਚ ‘ਚ ਸਾਹਮਣੇ ਆਇਆ ਹੈ ਕਿ ਉਸ ਦਾ ਪੰਜਾਬ ਦੇ ਮਾਨਸਾ ‘ਚ ਜ਼ਮੀਨ ਨੂੰ ਲੈ ਕੇ ਵਿਵਾਦ ਚੱਲ ਰਿਹਾ ਹੈ, ਜਿਸ ਕਾਰਨ ਉਸ ਨੇ ਇਹ ਕਦਮ ਚੁੱਕਿਆ।

ਪੁਲਿਸ ਵੀ ਸਪੀਕਰ ਰਾਹੀਂ ਉਸ ਕੋਲ ਆਪਣੀ ਸ਼ਿਕਾਇਤ ਦੱਸਣ ਦੀ ਕੋਸ਼ਿਸ਼ ਕਰ ਰਹੀ ਹੈ। ਨੌਜਵਾਨ ਦਾ ਕਹਿਣਾ ਹੈ ਕਿ ਉਹ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਮਿਲਣਾ ਚਾਹੁੰਦਾ ਹੈ। ਫਿਲਹਾਲ ਪੁਲਿਸ ਨੇ ਇਲਾਕੇ ਨੂੰ ਸੀਲ ਕਰ ਦਿੱਤਾ ਹੈ ਅਤੇ ਐਂਬੂਲੈਂਸ ਬੁਲਾ ਲਈ ਹੈ। ਨੌਜਵਾਨ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।