
ਤੇਲਗੂ ਦੇਸ਼ਮ ਪਾਰਟੀ (ਟੀਡੀਪੀ) ਦੇ ਪ੍ਰਧਾਨ ਐਨ ਚੰਦਰਬਾਬੂ ਨਾਇਡੂ 12 ਜੂਨ ਨੂੰ ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕਣਗੇ। ਇਹ ਸਹੁੰ ਚੁੱਕ ਸਮਾਰੋਹ ਅਮਰਾਵਤੀ ਵਿੱਚ ਹੋਵੇਗਾ। ਇਸ ਵਿੱਚ ਨਰਿੰਦਰ ਮੋਦੀ ਅਤੇ ਨਵੀਂ ਕੇਂਦਰੀ ਕੈਬਨਿਟ ਦੇ ਕਈ ਮੰਤਰੀ ਸ਼ਾਮਲ ਹੋਣਗੇ। ਪਹਿਲਾਂ ਇਹ ਪ੍ਰੋਗਰਾਮ 9 ਜੂਨ ਨੂੰ ਹੋਣਾ ਸੀ।
ਨਾਇਡੂ ਦੇ ਸਹੁੰ ਚੁੱਕ ਸਮਾਗਮ ਦੀ ਤਰੀਕ ‘ਚ ਬਦਲਾਅ ਦਾ ਕਾਰਨ 8 ਜੂਨ ਨੂੰ ਪ੍ਰਧਾਨ ਮੰਤਰੀ ਮੋਦੀ ਦੇ ਸਹੁੰ ਚੁੱਕ ਪ੍ਰੋਗਰਾਮ ਨੂੰ ਦੱਸਿਆ ਜਾ ਰਿਹਾ ਹੈ। ਜੋ ਲਗਾਤਾਰ ਤੀਜੀ ਵਾਰ ਭਾਰਤ ਦੇ ਪ੍ਰਧਾਨ ਮੰਤਰੀ ਵਜੋਂ ਸਹੁੰ ਚੁੱਕਣਗੇ। ਮੋਦੀ ਨੇ ਸਹੁੰ ਚੁੱਕ ਸਮਾਗਮ ਤੋਂ ਪਹਿਲਾਂ ਬੁੱਧਵਾਰ ਨੂੰ ਰਾਸ਼ਟਰਪਤੀ ਮੁਰਮੂ ਨੂੰ ਆਪਣਾ ਅਸਤੀਫਾ ਸੌਂਪਿਆ ਸੀ। ਰਾਸ਼ਟਰਪਤੀ ਨੇ ਨਰਿੰਦਰ ਮੋਦੀ ਅਤੇ ਉਨ੍ਹਾਂ ਦੇ ਮੰਤਰੀਆਂ ਦਾ ਅਸਤੀਫਾ ਸਵੀਕਾਰ ਕਰ ਲਿਆ ਅਤੇ ਨਵੀਂ ਸਰਕਾਰ ਦੇ ਗਠਨ ਤੱਕ ਉਨ੍ਹਾਂ ਨੂੰ ਕਾਰਜਕਾਰੀ ਪ੍ਰਧਾਨ ਮੰਤਰੀ ਬਣੇ ਰਹਿਣ ਦੀ ਅਪੀਲ ਵੀ ਕੀਤੀ।
ਦੱਸ ਦਈਏ ਕਿ ਚੰਦਰਬਾਬੂ ਨਾਇਡੂ ਚੌਥੀ ਵਾਰ ਸੂਬੇ ਦੇ ਮੁੱਖ ਮੰਤਰੀ ਬਣਨ ਜਾ ਰਹੇ ਹਨ। ਇਸ ਤੋਂ ਪਹਿਲਾਂ ਉਨ੍ਹਾਂ ਨੇ 1 ਸਤੰਬਰ 1995, 11 ਅਕਤੂਬਰ 1999 ਅਤੇ 8 ਜੂਨ 2014 ਨੂੰ ਤਿੰਨ ਵਾਰ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ ਸੀ। 2019 ਵਿੱਚ, ਵਾਈਐਸਆਰਸੀਪੀ ਦੇ ਪ੍ਰਧਾਨ ਜਗਨ ਮੋਹਨ ਰੈੱਡੀ ਨੇ ਜਿੱਤ ਦਰਜ ਕਰਕੇ ਉਨ੍ਹਾਂ ਤੋਂ ਇਹ ਸੱਤਾ ਖੋਹ ਲਈ।