ਜਲੰਧਰ ਜ਼ਿਮਨੀ ਚੋਣ ਟਿਕਟ ਵੰਡ: ਇਕ-ਦੂਜੇ ਦੇ ਹੀ ਸਾਬਕਾ ਨੇਤਾਵਾਂ ਨੂੰ ਉਤਾਰਿਆ ਮੈਦਾਨ ਚ’

by nripost

ਜਲੰਧਰ (ਹਰਮੀਤ) :ਪੰਜਾਬ ਦੀ ਜਲੰਧਰ ਪੱਛਮੀ ਵਿਧਾਨ ਸਭਾ ਸੀਟ ਉਤੇ ਹੋਣ ਵਾਲੀ ਜ਼ਿਮਨੀ ਚੋਣ ਲਈ ਆਮ ਆਦਮੀ ਪਾਰਟੀ ਅਤੇ ਭਾਰਤੀ ਜਨਤਾ ਪਾਰਟੀ-ਭਾਜਪਾ ਨੇ ਆਪਣੇ ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕਰ ਦਿੱਤਾ ਹੈ।

ਖਾਸ ਗੱਲ ਇਹ ਹੈ ਕਿ ਦੋਵਾਂ ਧਿਰਾਂ ਨੇ ਇਕ-ਦੂਜੇ ਦੇ ਸਾਬਕਾ ਨੇਤਾਵਾਂ ਨੂੰ ਉਮੀਦਵਾਰ ਐਲਾਨ ਦਿੱਤਾ ਹੈ। ਪੰਜਾਬ ਦੀ ਜਲੰਧਰ ਪੱਛਮੀ ਸੀਟ ਲਈ ਜ਼ਿਮਨੀ ਚੋਣ 10 ਜੁਲਾਈ ਨੂੰ ਹੋਵੇਗੀ ਅਤੇ ਨਤੀਜਾ 13 ਜੁਲਾਈ ਨੂੰ ਹੋਵੇਗਾ।‘ਆਪ’ ਵਿਧਾਇਕ ਸ਼ੀਤਲ ਅੰਗੁਰਾਲ ਦੇ ਅਸਤੀਫੇ ਤੋਂ ਬਾਅਦ ਜ਼ਿਮਨੀ ਚੋਣ ਹੋ ਰਹੀ ਹੈ।

ਜਿੱਥੇ ਆਮ ਆਦਮੀ ਪਾਰਟੀ ਨੇ ਮਹਿੰਦਰ ਭਗਤ ਨੂੰ ਆਪਣਾ ਉਮੀਦਵਾਰ ਬਣਾਇਆ ਹੈ, ਉਥੇ ਹੀ ਭਾਜਪਾ ਨੇ ਸ਼ੀਤਲ ਅੰਗੂਰਾਲ ਨੂੰ ਉਪ ਚੋਣ ਵਿੱਚ ਉਤਾਰਿਆ ਹੈ। ਮਹਿੰਦਰ ਭਗਤ, ਚੁੰਨੀ ਲਾਲ ਭਗਤ ਦੇ ਪੁੱਤਰ ਹਨ, ਜੋ ਸ਼੍ਰੋਮਣੀ ਅਕਾਲੀ ਦਲ-ਭਾਜਪਾ ਸਰਕਾਰ ਵਿੱਚ ਮੰਤਰੀ ਸਨ। ਉਹ ਪਿਛਲੇ ਸਾਲ ਭਾਜਪਾ ਛੱਡ ਕੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ ਸਨ।

ਉਨ੍ਹਾਂ ਨੇ 2022 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਭਾਜਪਾ ਦੀ ਟਿਕਟ ਉਤੇ ਜਲੰਧਰ ਪੱਛਮੀ ਸੀਟ ਤੋਂ ਲੜੀਆਂ, ਪਰ ਹਾਰ ਗਏ। ਦੂਜੇ ਪਾਸੇ ਅੰਗੂਰਾਲ ਲੋਕ ਸਭਾ ਚੋਣਾਂ ਤੋਂ ਪਹਿਲਾਂ ਆਮ ਆਦਮੀ ਪਾਰਟੀ ਛੱਡ ਕੇ ਭਾਜਪਾ ‘ਚ ਸ਼ਾਮਲ ਹੋ ਗਏ ਸਨ।

ਭਾਜਪਾ ‘ਚ ਸ਼ਾਮਲ ਹੋਣ ਤੋਂ ਇਕ ਦਿਨ ਬਾਅਦ 28 ਮਾਰਚ ਨੂੰ ਉਨ੍ਹਾਂ ਨੇ ਵਿਧਾਨ ਸਭਾ ਦੀ ਮੈਂਬਰਸ਼ਿਪ ਤੋਂ ਅਸਤੀਫਾ ਦੇ ਦਿੱਤਾ ਸੀ। ਅੰਗੁਰਾਲ ਨੇ 2022 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਵਿਚ ਆਮ ਆਦਮੀ ਪਾਰਟੀ ਦੀ ਟਿਕਟ ਉਤੇ ਜਲੰਧਰ ਪੱਛਮੀ ਸੀਟ ਤੋਂ ਸੁਸ਼ੀਲ ਰਿੰਕੂ, ਜੋ ਉਸ ਸਮੇਂ ਕਾਂਗਰਸੀ ਉਮੀਦਵਾਰ ਸਨ, ਨੂੰ ਹਰਾਇਆ ਸੀ।