ਦਸੂਹਾ ਦੇ ਨੌਜਵਾਨ ਦੀ ਅਮਰੀਕਾ ਵਿਖੇ ਪਾਣੀ ’ਚ ਡੁੱਬਣ ਨਾਲ ਮੌਤ

by nripost

ਦਸੂਹਾ/ਸਿਆਟਲ (ਰਾਘਵ): ਦਸੂਹਾ ਬਲਾਕ ਦੇ ਪਿੰਡ ਛੋਟਾ ਟੇਰਕਿਆਣਾ ਦੇ ਮੁਹੱਲਾ ਛੁਰੀਆਂ ਦੇ ਨੌਜਵਾਨ ਦੀ ਸਿਆਟਲ ਅਮਰੀਕਾ ਵਿਖੇ ਪਾਣੀ ਵਿੱਚ ਡੁੱਬਣ ਨਾਲ ਮੌਤ ਹੋ ਗਈ। ਮ੍ਰਿਤਕ ਦੀ ਪਛਾਣ 22 ਸਾਲਾ ਨੌਜਵਾਨ ਮਨਪ੍ਰੀਤ ਸਿੰਘ ਪੁੱਤਰ ਬਲਜੀਤ ਸਿੰਘ ਵਜੋਂ ਹੋਈ ਹੈ।

ਮਨਪ੍ਰੀਤ ਸਿੰਘ ਦੇ ਪਿਤਾ ਬਲਜੀਤ ਸਿੰਘ ਅਤੇ ਸਰਪੰਚ ਮੰਗਾ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਰਾਤ 11 ਵਜੇ ਰਿਸ਼ਤੇਦਾਰਾਂ ਦਾ ਫੋਨ ਆਇਆ ਕਿ ਉਨ੍ਹਾਂ ਦੇ ਮੁੰਡੇ ਦੀ ਪਾਣੀ 'ਚ ਨਹਾਉਣ ਸਮੇਂ ਡੁੱਬਣ ਨਾਲ ਮੌਤ ਹੋ ਗਈ। ਉਨ੍ਹਾਂ ਦੱਸਿਆ ਕਿ ਦੋ ਲੜਕੇ ਨਹਾਉਣ ਗਏ ਸਨ। ਪਾਣੀ ਡੂੰਘਾ ਹੋਣ ਕਾਰਨ ਨਹਾਉਂਦੇ ਸਮੇਂ ਮਨਪ੍ਰੀਤ ਸਿੰਘ ਡੂੰਘੇ ਪਾਣੀ ਵਿੱਚ ਚਲਾ ਗਿਆ ਜਦਕਿ ਦੂਜਾ ਲੜਕਾ ਫੋਨ ਸੁਣ ਰਿਹਾ ਸੀ। ਜਦੋਂ ਉਸ ਨੂੰ ਇਸ ਸਬੰਧੀ ਪਤਾ ਲੱਗਾ ਤਾਂ ਤੁਰੰਤ ਪੁਲਸ ਨੂੰ ਬੁਲਾਇਆ ਗਿਆ। ਪੁਲਸ ਵੱਲੋਂ ਮਨਪ੍ਰੀਤ ਸਿੰਘ ਨੂੰ ਬਾਹਰ ਕੱਢਿਆ ਗਿਆ।

ਨੌਜਵਾਨ ਦੀ ਮੌਤ ਦੀ ਖ਼ਬਰ ਮਿਲਦਿਆਂ ਹੀ ਇਲਾਕੇ ਵਿੱਚ ਸੋਗ ਦੀ ਲਹਿਰ ਫੈਲ ਗਈ ਹੈ। ਮ੍ਰਿਤਕ ਅਕਤੂਬਰ 2019 ਨੂੰ ਅਮਰੀਕਾ ਵਿਖੇ ਰੋਜ਼ੀ-ਰੋਟੀ ਲਈ ਢਾਈ ਸਾਲ ਪਹਿਲਾਂ ਗਿਆ ਸੀ ਜਦਕਿ ਉਸ ਦੀ ਮੌਤ ਦੀ ਖ਼ਬਰ ਆ ਗਈ। ਪਰਿਵਾਰਕ ਮੈਂਬਰਾਂ ਨੇ ਭਾਰਤ ਸਰਕਾਰ ਕੋਲੋਂ ਮੰਗ ਕੀਤੀ ਹੈ ਮਨਪ੍ਰੀਤ ਸਿੰਘ ਦੀ ਮ੍ਰਿਤਕ ਦੇਹ ਨੂੰ ਤੁਰੰਤ ਭਾਰਤ ਲਿਆਉਣ ਲਈ ਮਦਦ ਕੀਤੀ ਜਾਵੇ।