ਨੌਜਵਾਨ ਦੀ ਨਸ਼ੇ ਦੀ ਓਵਰਡੋਜ਼ ਕਾਰਨ ਮੌਤ, 2 ਨੌਜਵਾਨਾਂ ਦੇ ਖਿਲਾਫ਼ ਮੁਕੱਦਮਾ ਦਰਜ

by nripost

ਮਲੋਟ (ਹਰਮੀਤ): ਪਿੰਡ ਸ਼ੇਰਗੜ੍ਹ ਗਿਆਨ ਸਿੰਘ ਦੇ ਨੌਜਵਾਨ ਦੀ ਨਸ਼ੇ ਦੀ ਓਵਰਡੋਜ਼ ਕਾਰਨ ਮੌਤ ਹੋ ਗਈ। ਇਸ ਮਾਮਲੇ ’ਚ ਪੁਲਿਸ ਨੇ ਦੋ ਨੌਜਵਾਨਾਂ ਖਿਲਾਫ਼ ਮੁਕੱਦਮਾ ਦਰਜ ਕੀਤਾ ਹੈ ਜਿਨ੍ਹਾਂ ’ਚੋਂ ਇਕ ਨੂੰ ਗ੍ਰਿਫ਼ਤਾਰ ਕਰ ਲਿਆ ਜਦਕਿ ਦੂਜੇ ਦੀ ਗ੍ਰਿਫਤਾਰੀ ਅਜੇ ਬਾਕੀ ਹੈ। ਥਾਣਾ ਸਦਰ ਮਲੋਟ ਪੁਲਿਸ ਨੂੰ ਦਿੱਤੇ ਬਿਆਨਾਂ ’ਚ ਸੁਰਜੀਤ ਸਿੰਘ ਪੁੱਤਰ ਮਹਿੰਦਰ ਸਿੰਘ ਵਾਸੀ ਪਿੰਡ ਸ਼ੇਰਗੜ੍ਹ ਗਿਆਨ ਸਿੰਘ ਨੇ ਦੱਸਿਆ ਕਿ ਉਸਦਾ ਲੜਕਾ ਜਗਮੀਤ ਸਿੰਘ ਨਸ਼ਾ ਕਰਨ ਦਾ ਆਦੀ ਸੀ ਜੋ ਪ੍ਰੇਮ ਰਾਮ ਅਤੇ ਬੂਟਾ ਰਾਮ ਤੋਂ ਚਿੱਟੇ ਦਾ ਨਸ਼ਾ ਖਰੀਦ ਕੇ ਨਸ਼ਾ ਕਰਦਾ ਸੀ।

ਬੀਤੀ 6 ਜੂਨ ਨੂੰ ਦੁਪਹਿਰ 1 ਵਜੇ ਦੇ ਕਰੀਬ ਉਸਦਾ ਲੜਕਾ, ਪਰਵਿੰਦਰ ਸਿੰਘ ਉਰਫ ਸ਼ੀਪਾ ਅਤੇ ਜਸਵੰਤ ਸਿੰਘ ਨਾਲ ਰਲ ਕੇ ਉਨ੍ਹਾਂ ਦੇ ਮੋਟਰਸਾਇਕਲ ’ਤੇ ਸਵਾਰ ਹੋ ਕੇ ਗਏ ਸਨ। ਕਾਫੀ ਸਮਾਂ ਲੰਘਣ ’ਤੇ ਉਸਦਾ ਲੜਕਾ ਜਗਮੀਤ ਸਿੰਘ ਘਰ ਵਾਪਸ ਨਹੀਂ ਆਇਆ ਤਾਂ ਉਸਨੇ ਤੇ ਉਸਦੇ ਲੜਕੇ ਜਸਮੇਲ ਸਿੰਘ ਨੇ ਵਕਤ ਕਰੀਬ ਸ਼ਾਮ 7 ਵਜੇ ਆਪਣੇ ਲੜਕੇ ਜਗਮੀਤ ਸਿੰਘ ਦੀ ਭਾਲ ਕਰਦਿਆਂ ਜਦ ਪਿੰਡ ਦੇ ਸਿਵਿਆਂ ’ਚ ਪੁੱਜੇ ਤਾਂ ਉੱਥੇ ਜਗਮੀਤ ਸਿੰਘ ਦੀ ਲਾਸ਼ ਪਈ ਸੀ। ਉਸ ਦੇ ਕੋਲ ਇਕ ਖਾਲੀ ਟੀਕਾ ਤੇ ਸਰਿੰਜ ਪਈ ਸੀ। ਉਸਦੇ ਲੜਕੇ ਜਗਮੀਤ ਸਿੰਘ ਦੀ ਨਸ਼ੇ ਨਾਲ ਓਵਰਡੋਜ਼ ਹੋਣ ਕਰਕੇ ਮੌਤ ਹੋ ਗਈ ਸੀ। ਉਸਨੇ ਆਪਣੇ ਬਿਆਨ ’ਚ ਲਿਖਵਾਇਆ ਕਿ ਪੂਰਾ ਯਕੀਨ ਹੈ ਕਿ ਉਸਦਾ ਲੜਕਾ ਜਗਮੀਤ ਸਿੰਘ ਜੋ ਕਿ ਪ੍ਰੇਮ ਰਾਮ ਤੇ ਬੂਟਾ ਰਾਮ ਉਕਤਾਨ ਪਾਸੋਂ ਨਸ਼ਾ ਲੈ ਕੇ ਆਇਆ ਸੀ ਅਤੇ ਨਸ਼ੇ ਦੀ ਓਵਰਡੋਜ਼ ਕਰਕੇ ਲੜਕੇ ਜਗਮੀਤ ਸਿੰਘ ਦੀ ਮੌਤ ਹੋਈ ਹੈ। ਉਕਤ ਬਿਆਨਾਂ ’ਤੇ ਕਾਰਵਾਈ ਕਰਦਿਆਂ ਪੁਲਿਸ ਨੇ ਪ੍ਰੇਮ ਰਾਮ ਅਤੇ ਬੂਟਾ ਰਾਮ ਪੁਤਰਾਨ ਬਹਾਦਰ ਰਾਮ ਵਾਸੀਅਨ ਪਿੰਡ ਸ਼ੇਰਗੜ੍ਹ ਗਿਆਨ ਸਿੰਘ ਖਿਲਾਫ਼ ਥਾਣਾ ਸਦਰ ਮਲੋਟ ਵਿਖੇ ਮੁਕੱਦਮਾ ਦਰਜ ਕਰ ਲਿਆ ਜਿਨ੍ਹਾਂ ’ਚੋਂ ਪ੍ਰੇਮ ਰਾਮ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਜਦਕਿ ਬੂਟਾ ਰਾਮ ਦੀ ਗ੍ਰਿਫਤਾਰੀ ਅਜੇ ਬਾਕੀ ਹੈ।