ਪੰਜਾਬ ‘ਚ ਗਰਮੀ ਨੇ ਲੋਕਾਂ ਦਾ ਜਿਊਣਾ ਕੀਤਾ ਮੁਹਾਲ, 10 ਜ਼ਿਲ੍ਹਿਆਂ ‘ਚ ਰੈੱਡ ਅਲਰਟ ਜਾਰੀ

by nripost

ਮੋਹਾਲੀ (ਰਾਘਵ): ਅਸਮਾਨ ਤੋਂ ਅੱਗ ਦੀ ਵਰਖਾ ਸ਼ੁਰੂ ਹੋ ਗਈ ਹੈ ਜਿਸ ਕਾਰਨ ਲੋਕਾਂ ਨੇ ਦਿਨ ਵੇਲੇ ਘਰਾਂ ''ਚੋਂ ਬਾਹਰ ਨਿਕਲਣਾ ਬੰਦ ਕਰ ਦਿੱਤਾ ਹੈ। ਓਥੇ ਹੀ ਪੰਜਾਬ 'ਚ ਤਾਪਮਾਨ ਲਗਾਤਾਰ ਵਧ ਰਿਹਾ ਹੈ। ਗਰਮੀ ਨੇ ਲੋਕਾਂ ਦੇ ਵੱਟ ਕੱਢੇ ਹੋਏ ਹਨ। ਨਾ ਦਿਨ ਵੇਲੇ ਆਰਾਮ ਹੈ ਤੇ ਨਾ ਰਾਤ ਨੂੰ ਚੈਨ। ਹੀਟਵੇਵ ਕਾਰਨ ਲੋਕਾਂ ਦਾ ਜਿਊਣਾ ਮੁਹਾਲ ਹੋਇਆ ਪਿਆ ਹੈ। ਪੱਖੇ-ਕੂਲਰਾਂ ਦੇ ਮੂਹਰੇ ਬੈਠਣ 'ਤੇ ਵੀ ਪਸੀਨਾ ਨਹੀਂ ਸੁੱਕ ਰਿਹਾ। ਪੰਜਾਬ ਦੇ ਕਈ ਜ਼ਿਲ੍ਹਿਆਂ 'ਚ ਤਾਪਮਾਨ 45 ਡਿਗਰੀ ਦੇ ਪਾਰ ਤੇ ਕਈ ਜ਼ਿਲ੍ਹਿਆਂ 'ਚ 47 ਡਿਗਰੀ ਦੇ ਨੇੜੇ ਪਹੁੰਚ ਚੁੱਕਾ ਹੈ। ਮੌਸਮ ਵਿਭਾਗ ਚੰਡੀਗੜ੍ਹ ਵੱਲੋਂ ਮੌਸਮ ਵਿਭਾਗ ਨੇ 26 ਮਈ ਤੱਕ ਪੰਜਾਬ, ਹਰਿਆਣਾ ਤੇ ਚੰਡੀਗੜ੍ਹ 'ਚ ਲੂ ਤੇ ਅੱਤ ਲੂ ਬਾਰੇ ਰੈੱਡ ਅਲਰਟ ਜਾਰੀ ਕੀਤਾ ਹੈ। ਬੁੱਧਵਾਰ ਨੂੰ ਜਾਰੀ ਤਾਜ਼ਾ ਅਪਡੇਟ ਅਨੁਸਾਰ ਪੰਜਾਬ ਦੇ 10 ਜ਼ਿਲ੍ਹਿਆਂ ਲਈ ਰੈੱਡ ਅਲਰਟ ਜਾਰੀ ਕੀਤਾ ਗਿਆ ਹੈ ਜਿਨ੍ਹਾਂ ਵਿਚ ਅੰਮ੍ਰਿਤਸਰ, ਤਰਨਤਾਰਨ, ਫਿਰੋਜ਼ਪੁਰ, ਫਾਜ਼ਿਲਕਾ, ਫ਼ਰੀਦਕੋਟ, ਮੁਕਤਸਰ ਸਾਹਿਬ, ਮੋਗਾ, ਬਠਿੰਡਾ, ਬਰਨਾਲਾ ਤੇ ਮਾਨਸਾ ਸ਼ਾਮਲ ਹਨ। ਮੰਗਲਵਾਰ ਨੂੰ ਬਠਿੰਡਾ ਇਕ ਵਾਰ ਸੂਬੇ ’ਚ ਸਭ ਤੋਂ ਗਰਮ ਰਿਹਾ। ਇੱਥੇ 46.6 ਡਿਗਰੀ ਸੈਲਸੀਅਸ ਤਾਪਮਾਨ ਦਰਜ ਕੀਤਾ ਗਿਆ, ਜਿਹੜਾ ਆਮ ਨਾਲੋਂ ਛੇ ਡਿਗਰੀ ਸੈਲਸੀਅਸ ਵੱਧ ਹੈ। ਇਹ ਲਗਾਤਾਰ ਤੀਜਾ ਦਿਨ ਹੈ, ਜਦੋਂ ਬਠਿੰਡਾ ਦਾ ਤਾਪਮਾਨ ਸਭ ਤੋਂ ਵੱਧ ਰਿਹਾ। ਇਸੇ ਤਰ੍ਹਾਂ ਪਠਾਨਕੋਟ ਤੇ ਲੁਧਿਆਣਾ ’ਚ ਵੱਧ ਤੋਂ ਵੱਧ ਤਾਪਮਾਨ 45.6 ਤੇ 44.6 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਮੌਸਮ ਵਿਭਾਗ ਚੰਡੀਗੜ੍ਹ ਮੁਤਾਬਕ ਮਈ ਦੇ ਅੰਤ ਤੱਕ ਪੰਜਾਬ ਨੂੰ ਲੂ ਤੋਂ ਰਾਹਤ ਮਿਲਣ ਦੀ ਸੰਭਾਵਨਾ ਨਹੀਂ।