ਪੰਜਾਬ ਰੋਡਵੇਜ਼ ਦੇ ਜਗਰਾਓਂ ਡੀਪੂ ‘ਚ ਖੜੀ ਬੱਸ ਨੂੰ ਲੱਗੀ ਅਚਾਨਕ ਅੱਗ

by jagjeetkaur

ਜਗਰਾਓਂ, 6 ਫਰਵਰੀ 2024 – ਜਗਰਾਉਂ ਦੇ ਸਿੱਧਵਾਂ ਬੇਟ ਰੋਡ ‘ਤੇ ਜਗਰਾਓਂ ਡਿਪੂ ਵਿਖੇ ਖੜੀ ਪੰਜਾਬ ਰੋਡਵੇਜ਼ ਦੀ ਬੱਸ ਨੂੰ ਸ਼ੱਕੀ ਹਾਲਾਤਾਂ ਵਿੱਚ ਅੱਗ ਲੱਗ ਗਈ। ਸੋਮਵਾਰ ਰਾਤ ਨੂੰ ਵਾਪਰੀ ਇਸ ਘਟਨਾ ਵਿੱਚ ਬੱਸ ਪੂਰੀ ਤਰ੍ਹਾਂ ਸੜ ਕੇ ਸੁਆਹ ਹੋ ਗਈ।

ਡਿਪੂ ‘ਤੇ ਤਾਇਨਾਤ ਸੁਰੱਖਿਆ ਮੁਲਾਜ਼ਮ ਦਰਸ਼ਨ ਸਿੰਘ ਅਤੇ ਮੁਲਾਜ਼ਮ ਸੁਖਪਾਲ ਸਿੰਘ ਨੇ ਦੱਸਿਆ ਕਿ ਪਾਰਕ ਕੀਤੀ ਰੋਡਵੇਜ਼ ਦੀ ਬੱਸ ਨੂੰ ਅਚਾਨਕ ਅੱਗ ਲੱਗ ਗਈ। ਜਿਸ ਸਮੇਂ ਬੱਸ ਨੂੰ ਅੱਗ ਲੱਗੀ ਉਸ ਸਮੇਂ ਪੰਜਾਬ ਰੋਡਵੇਜ਼ ਦੀਆਂ ਕਈ ਨਵੀਆਂ ਬੱਸਾਂ ਬੱਸ ਦੇ ਅੱਗੇ ਅਤੇ ਪਿੱਛੇ ਖੜ੍ਹੀਆਂ ਸਨ। ਉਸ ਨੂੰ ਤੁਰੰਤ ਉਥੋਂ ਹਟਾ ਦਿੱਤਾ ਗਿਆ। ਸਾਰੇ ਮੁਲਾਜ਼ਮਾਂ ਨੇ ਮੌਕੇ ‘ਤੇ ਪਹੁੰਚ ਕੇ ਅੱਗ ਬੁਝਾਉਣੀ ਸ਼ੁਰੂ ਕਰ ਦਿੱਤੀ।

ਅੱਗ ਲੱਗਣ ਦੀ ਸੂਚਨਾ ਫਾਇਰ ਬ੍ਰਿਗੇਡ ਨੂੰ ਵੀ ਦਿੱਤੀ ਗਈ। ਕੁਝ ਸਮੇਂ ਬਾਅਦ ਫਾਇਰ ਬ੍ਰਿਗੇਡ ਦੀ ਗੱਡੀ ਵੀ ਪਹੁੰਚੀ ਅਤੇ ਅੱਗ ‘ਤੇ ਕਾਬੂ ਪਾਇਆ। ਚਸ਼ਮਦੀਦਾਂ ਨੇ ਦੱਸਿਆ ਕਿ ਅੱਗ ਲੱਗਣ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ।