ਭਾਜਪਾ ਨੇ ਹਿਮਾਚਲ ਦੀਆਂ ਚਾਰੇ ਸੀਟਾਂ ਜਿੱਤ ਕੇ ਲਗਾਈ ਹੈਟ੍ਰਿਕ, ਕੰਗਨਾ ਰਣੌਤ ਨੇ ਗੱਡੇ ਜਿੱਤ ਦੇ ਝੰਡੇ

by jagjeetkaur

ਭਾਜਪਾ ਨੇ ਹਿਮਾਚਲ ਪ੍ਰਦੇਸ਼ ਦੀਆਂ 4 ਲੋਕ ਸਭਾ ਸੀਟਾਂ ਜਿੱਤੀਆਂ ਹਨ। 2014 ਅਤੇ 2019 ਦੀ ਤਰ੍ਹਾਂ ਇਸ ਵਾਰ ਵੀ ਪਾਰਟੀ ਨੇ ਸੂਬੇ ਵਿੱਚ ਕਲੀਨ ਸਵੀਪ ਕਰਕੇ ਹੈਟ੍ਰਿਕ ਪੂਰੀ ਕੀਤੀ। ਭਾਜਪਾ ਦੇ ਚਾਰੇ ਉਮੀਦਵਾਰਾਂ ਦੀ ਜਿੱਤ ਦਾ ਅਧਿਕਾਰਤ ਐਲਾਨ ਹੋਣਾ ਬਾਕੀ ਹੈ। ਜਿੱਤ ਦੇ ਫਰਕ ਦੀ ਗੱਲ ਕਰੀਏ ਤਾਂ ਭਾਜਪਾ ਨੂੰ ਕਾਂਗੜਾ ਸੀਟ ‘ਤੇ ਸਭ ਤੋਂ ਵੱਡੀ ਜਿੱਤ ਮਿਲੀ ਹੈ। ਇੱਥੇ ਪਾਰਟੀ ਉਮੀਦਵਾਰ ਡਾਕਟਰ ਰਾਜੀਵ ਭਾਰਦਵਾਜ ਨੇ ਕਾਂਗਰਸ ਦੇ ਸਾਬਕਾ ਕੇਂਦਰੀ ਮੰਤਰੀ ਆਨੰਦ ਸ਼ਰਮਾ ਨੂੰ ਕਰੀਬ ਢਾਈ ਲੱਖ ਵੋਟਾਂ ਨਾਲ ਹਰਾਇਆ।

ਦੱਸ ਦਈਏ ਕਿ ਮੰਡੀ ਲੋਕ ਸਭਾ ਸੀਟ ਤੋਂ ਭਾਜਪਾ ਦੀ ਟਿਕਟ ‘ਤੇ ਚੋਣ ਲੜਨ ਵਾਲੀ ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਨੇ ਕਾਂਗਰਸ ਦੇ ਵਿਕਰਮਾਦਿੱਤਿਆ ਸਿੰਘ ਨੂੰ 72 ਹਜ਼ਾਰ ਤੋਂ ਵੱਧ ਵੋਟਾਂ ਨਾਲ ਹਰਾਇਆ। ਕੰਗਨਾ ਅਤੇ ਵਿਕਰਮਾਦਿੱਤਿਆ ਸਿੰਘ ਦੇ ਆਹਮੋ-ਸਾਹਮਣੇ ਹੋਣ ਕਾਰਨ ਸਾਰੇ ਦੇਸ਼ ਦੀਆਂ ਨਜ਼ਰਾਂ ਇਸ ਸੀਟ ‘ਤੇ ਟਿਕੀਆਂ ਹੋਈਆਂ ਸਨ। ਕੰਗਨਾ ਰਣੌਤ ਨੂੰ ਇੱਥੇ 5 ਲੱਖ ਤੋਂ ਵੱਧ ਵੋਟ ਮਿਲੇ ਹਨ।

ਅਨੁਰਾਗ ਠਾਕੁਰ ਨੇ ਹਮੀਰਪੁਰ ਸੰਸਦੀ ਸੀਟ ‘ਤੇ ਲਗਾਤਾਰ ਪੰਜਵੀਂ ਜਿੱਤ ਦਰਜ ਕੀਤੀ ਹੈ। ਉਨ੍ਹਾਂ ਕਾਂਗਰਸ ਦੇ ਸਤਪਾਲ ਰਾਏਜ਼ਾਦਾ ਨੂੰ ਕਰੀਬ ਢਾਈ ਲੱਖ ਵੋਟਾਂ ਨਾਲ ਹਰਾਇਆ। ਅਨੁਰਾਗ ਨੇ ਪਣੀ ਜਿੱਤ ਲਈ ਇਲਾਕੇ ਦੇ ਲੋਕਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਲੋਕਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਹੱਕ ਵਿੱਚ ਫਤਵਾ ਦਿੱਤਾ ਹੈ।


ਭਾਜਪਾ ਦੇ ਸੁਰੇਸ਼ ਕਸ਼ਯਪ ਹਿਮਾਚਲ ਦੀ ਸ਼ਿਮਲਾ ਸੰਸਦੀ ਸੀਟ ਤੋਂ ਲਗਾਤਾਰ ਦੂਜੀ ਵਾਰ ਸੰਸਦ ਮੈਂਬਰ ਚੁਣੇ ਗਏ ਹਨ। ਉਨ੍ਹਾਂ ਨੇ ਕਾਂਗਰਸੀ ਉਮੀਦਵਾਰ ਅਤੇ ਕਸੌਲੀ ਤੋਂ ਮੌਜੂਦਾ ਵਿਧਾਇਕ ਵਿਨੋਦ ਸੁਲਤਾਨਪੁਰੀ ਨੂੰ ਕਰੀਬ 90 ਹਜ਼ਾਰ ਵੋਟਾਂ ਨਾਲ ਹਰਾਇਆ।