ਲੁਧਿਆਣਾ ‘ਚ ਕੱਪੜੇ ਦੀ ਕਤਰਨ ਦੇ ਗੋਦਾਮ ‘ਚ  ਲੱਗੀ ਅੱਗ, ਡੀਸੀ ਨੇ ਜਾਂਚ ਦੇ ਦਿੱਤੇ ਹੁਕਮ

by jagjeetkaur

ਲੁਧਿਆਣਾ ਦੀ ਜੋਧੇਵਾਲ ਕਲੋਨੀ ਵਿੱਚ ਦੋ ਦਿਨਾਂ ਵਿੱਚ ਅੱਗ ਲੱਗਣ ਦੀ ਇਹ ਦੂਜੀ ਘਟਨਾ ਹੈ। ਪਹਿਲੀ ਘਟਨਾ ਵਿੱਚ ਜਿੱਥੇ ਇੱਕ ਕੱਪੜਾ ਫੈਕਟਰੀ ਵਿੱਚ ਅੱਗ ਲੱਗਣ ਕਾਰਨ ਮਜ਼ਦੂਰਾਂ ਦੀ ਮੌਤ ਹੋ ਗਈ, ਉੱਥੇ ਹੀ ਦੂਜੀ ਘਟਨਾ ਬੀਤੀ ਰਾਤ ਵਾਪਰੀ। ਬਸਤੀ ਜੋਧੇਵਾਲ ਨੇੜੇ ਇੱਕ ਗੋਦਾਮ ਨੂੰ ਅੱਗ ਲੱਗਣ ਕਾਰਨ ਲੱਖਾਂ ਰੁਪਏ ਦੀ ਕੱਪੜੇ ਦੀ ਕਤਰਨ ਸੜ ਕੇ ਸੁਆਹ ਹੋ ਗਈ। ਪੁਲਿਸ ਨੇ ਕੱਪੜਾ ਫੈਕਟਰੀ ਦੇ ਮਾਲਕ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਲੁਧਿਆਣਾ ਦੀ ਡੀਸੀ ਸਾਕਸ਼ੀ ਸਾਹਨੀ ਨੇ ਮਾਮਲੇ ਦੀ ਜਾਂਚ ਦੇ ਹੁਕਮ ਦਿੱਤੇ ਹਨ।

ਬੀਤੀ ਰਾਤ ਬਸਤੀ ਜੋਧੇਵਾਲ ਦੇ ਸੁਭਾਸ਼ ਨਗਰ ਨੇੜੇ ਇੱਕ ਗੋਦਾਮ ਨੂੰ ਅੱਗ ਲੱਗ ਗਈ। ਅੱਗ ਇੰਨੀ ਭਿਆਨਕ ਸੀ ਕਿ ਕੁਝ ਹੀ ਸਮੇਂ ਵਿੱਚ ਇਸ ਨੇ ਪੂਰੇ ਗੋਦਾਮ ਨੂੰ ਆਪਣੀ ਲਪੇਟ ਵਿੱਚ ਲੈ ਲਿਆ ਅਤੇ ਗੋਦਾਮ ਅੰਦਰ ਰੱਖਿਆ ਲੱਖਾਂ ਰੁਪਏ ਦੀ ਕੱਪੜੇ ਦੀ ਕਤਰਨ ਸੜ ਕੇ ਸੁਆਹ ਹੋ ਗਈ। ਫਾਇਰ ਬ੍ਰਿਗੇਡ ਦੀਆਂ 6 ਗੱਡੀਆਂ ਨੇ ਇਕ ਘੰਟੇ ਬਾਅਦ ਅੱਗ ‘ਤੇ ਕਾਬੂ ਪਾਇਆ।

ਗੋਦਾਮ ਦੇ ਮਾਲਕ ਮੁਹੰਮਦ ਕੁਰਬਾਨ ਨੇ ਦੱਸਿਆ ਕਿ ਜਦੋਂ ਉਹ ਰਾਤ ਨੂੰ ਘਰ ਸੀ ਤਾਂ ਉਨ੍ਹਾਂ ਨੂੰ ਫੋਨ ਆਇਆ ਕਿ ਗੋਦਾਮ ਦੇ ਅੰਦਰੋਂ ਧੂੰਆਂ ਨਿਕਲ ਰਿਹਾ ਹੈ। ਜਿਸ ਤੋਂ ਬਾਅਦ ਉਹ ਤੁਰੰਤ ਮੌਕੇ ‘ਤੇ ਪਹੁੰਚੇ ਅਤੇ ਦੇਖਿਆ ਕਿ ਅੱਗ ਨੇ ਗੋਦਾਮ ਨੂੰ ਆਪਣੀ ਲਪੇਟ ‘ਚ ਲੈ ਲਿਆ ਸੀ, ਜਿਸ ਕਾਰਨ ਉਸ ਦਾ ਲੱਖਾਂ ਰੁਪਏ ਦਾ ਸਾਰਾ ਗੋਦਾਮ ਸੜ ਕੇ ਸੁਆਹ ਹੋ ਗਿਆ।

ਮੌਕੇ ’ਤੇ ਪੁੱਜੇ ਪੁਲਿਸ ਅਧਿਕਾਰੀ ਸੁਖਜਿੰਦਰ ਸਿੰਘ ਨੇ ਦੱਸਿਆ ਕਿ ਇਹ ਘਟਨਾ ਸ਼ਾਰਟ ਸਰਕਟ ਕਾਰਨ ਵਾਪਰੀ ਹੈ। ਅੱਗ ‘ਤੇ ਕਾਬੂ ਪਾ ਲਿਆ ਗਿਆ ਹੈ।

ਇਸ ਤੋਂ ਇਲਾਵਾ ਡੀਸੀ ਲੁਧਿਆਣਾ ਸਾਕਸ਼ੀ ਸਾਹਨੀ ਨੇ ਸੋਮਵਾਰ ਸਵੇਰੇ ਫੈਕਟਰੀ ਵਿੱਚ ਲੱਗੀ ਅੱਗ ਅਤੇ ਇੱਕ ਮਜ਼ਦੂਰ ਦੀ ਮੌਤ ਦੀ ਜਾਂਚ ਦੇ ਹੁਕਮ ਦਿੱਤੇ ਹਨ। ਉਨ੍ਹਾਂ ਕਿਹਾ ਕਿ ਜੇਕਰ ਕੋਈ ਕਿਸੇ ਕੰਪਨੀ ਜਾਂ ਫੈਕਟਰੀ ਵਿੱਚ ਰਾਤ ਦੀ ਸ਼ਿਫਟ ਵਿੱਚ ਕੰਮ ਕਰ ਰਿਹਾ ਹੈ ਤਾਂ ਉਸ ਨੂੰ ਬਾਹਰੋਂ ਤਾਲਾ ਨਹੀਂ ਲਗਾਉਣਾ ਚਾਹੀਦਾ। ਡੀਸੀ ਨੇ ਦੋ ਦਿਨਾਂ ਵਿੱਚ ਦੋ ਫੈਕਟਰੀਆਂ ਵਿੱਚ ਅੱਗ ਲੱਗਣ ਦੇ ਮਾਮਲਿਆਂ ਦੀ ਜਾਂਚ ਦੇ ਹੁਕਮ ਦਿੱਤੇ ਹਨ।

ਉਨ੍ਹਾਂ ਲੁਧਿਆਣਾ ਦੇ ਸਮੂਹ ਛੋਟੇ-ਵੱਡੇ ਫੈਕਟਰੀ ਮਾਲਕਾਂ ਨੂੰ ਹਦਾਇਤ ਕੀਤੀ ਹੈ ਕਿ ਜੇਕਰ ਕੋਈ ਵੀ ਫੈਕਟਰੀ ਮਾਲਕ ਰਾਤ ਦੀ ਸ਼ਿਫਟ ਲਾਉਂਦਾ ਹੈ ਤਾਂ ਫੈਕਟਰੀ ਦੇ ਮੇਨ ਗੇਟ ਨੂੰ ਬਾਹਰੋਂ ਤਾਲਾ ਨਾ ਲਗਾਇਆ ਜਾਵੇ।
ਇਸਤੋਂ ਇਲਾਵਾ ਫੈਕਟਰੀ ਵਿੱਚ ਅਲਾਰਮ ਅਤੇ ਅੱਗ ਬੁਝਾਉਣ ਦਾ ਪੂਰਾ ਉਪਕਰਨ ਹੋਣਾ ਚਾਹੀਦਾ ਹੈ। ਡੀਸੀ ਸਾਹਨੀ ਨੇ ਸਾਰੀਆਂ ਫੈਕਟਰੀਆਂ ਦੇ ਫਾਇਰ ਸੇਫਟੀ ਆਡਿਟ ਦੇ ਹੁਕਮ ਵੀ ਦਿੱਤੇ। ਨਾਲ ਹੀ ਡੀਸੀ ਨੇ ਹੈਲਪਲਾਈਨ ਨੰਬਰ 0161-2404055 ਜਾਰੀ ਕਰਕੇ ਹਦਾਇਤ ਕੀਤੀ ਕਿ ਕੋਈ ਵੀ ਮਜ਼ਦੂਰ ਜਾਂ ਫੈਕਟਰੀ ਵਰਕਰ ਇਸ ਨੰਬਰ ‘ਤੇ ਸ਼ਿਕਾਇਤ ਕਰ ਸਕਦਾ ਹੈ। ਸ਼ਿਕਾਇਤਕਰਤਾ ਦਾ ਨਾਮ ਗੁਪਤ ਰੱਖਿਆ ਜਾਵੇਗਾ।